ਚਰਿਤ੍ਰਉਪਾਖਯਾਨ : ਕਿੱਸਾ ਰੂਪ ਕੌਰ ਦਾ - ਸਿਰਦਾਰ ਕਪੂਰ ਸਿੰਘ (ICS)
ਗੁਰਮਤਿ ਪ੍ਰਕਾਸ਼ ਦੇ ਫ਼ਰਵਰੀ ੧੯੫੯ ਅੰਕ ਵਿੱਚ ਸ: ਰਾਮ ਪ੍ਰਕਾਸ਼ ਸਿੰਘ ਐਮ. ਏ. ਐਲ-ਐਲ. ਬੀ, ਪ੍ਰੋਫੈਸਰ ਖ਼ਾਲਸਾ ਕਾਲਜ, ਅੰਮ੍ਰਿਤਸਰ ਦਾ ਇੱਕ ਲੇਖ \'ਚਾਨਣ ਮੁਨਾਰਾ\' ਦੇ ਸਿਰਨਾਵੇਂ ਹੇਠ ਛਪਿਆ ਹੈ, ਜਿਸ ਵਿੱਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ \'ਮਹਾਂਪੁਰਖ, ਚਾਨਣ ਮੁਨਾਰੇ ਦੀ ਨਿਆਈ\' ਸਿੱਧ ਕਰਨ ਹਿੱਤ ਲਿਖਿਆ ਹੈ :
\"ਭਰ ਜੁਆਨੀ ਵਿੱਚ ਇੱਕ ਸੁਨੱਖੀ ਤੇ ਮਾਲਦਾਰ ਮੁਟਿਆਰ ਆਪ ਤੇ ਆਸ਼ਕ ਹੋ ਜਾਂਦੀ ਹੈ। ਆਪ ਜੀ ਨੂੰ ਘਰ ਬੁਲਾ ਕੇ ਆਪਣੀ ਜੁਆਨੀ, ਆਪਣੇ ਹੁਸਨ ਤੇ ਆਪਣੇ ਮਾਲ ਦਾ ਜਾਦੂ ਪਾਉਣ ਦਾ ਪੂਰਾ ਯਤਨ ਕਰਦੀ ਹੈ। ਪਰ ਜਦੋਂ ਆਸ ਪੂਰੀ ਨਹੀਂ ਹੁੰਦੀ ਤਾਂ ਇੱਕ ਹੋਰ ਬੜਾ ਖਤਰਨਾਕ ਤੀਰ ਛੱਡਦੀ ਹੈ। ਆਪ ਜੀ ਨੂੰ ਸੰਬੋਧਨ ਕਰਕੇ ਆਖਦੀ ਹੈ - ਤੁਸੀ ਮੇਰੀ ਜੁਆਨੀ ਅਤੇ ਮੇਰੇ ਹੁਸਨ ਦਾ ਅਪਮਾਨ ਕਰ ਰਹੇ ਹੋ। ਇੱਕ ਮੁਟਿਆਰ ਹੋਰ ਸਭ ਕੁਝ ਜਰ ਸਕਦੀ ਹੈ, ਪਰ ਹੁਸਨ ਤੇ ਜੁਆਨੀ ਦਾ ਅਪਮਾਨ ਉਸ ਤੋਂ ਜਰਿਆ ਨਹੀ ਜਾਂਦਾ। ਤੁਸੀ ਜਾਣਦੇ ਹੋਵੋਗੇ ਕਿ ਇਸੇ ਹੀ ਅਪਮਾਨ ਦਾ ਬਦਲਾ ਲੈਣ ਲਈ ਲੂਣਾ ਨੇ ਪੂਰਨ ਭਗਤ ਦਾ ਕੀ ਹਾਲ ਕੀਤਾ ਸੀ।
ਲੂਣਾ ਦੀ ਰੂਹ ਇਸ ਵੇਲੇ ਮੇਰੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ।......ਮੈਂ ਹੁਣੇ ਹੀ ਰੌਲਾ ਪਾਉਣ ਲੱਗੀ ਹਾਂ। ਮੈਂ ਚੀਕਾਂ ਮਾਰਾਂਗੀ ਤੇ ਕਹਾਂਗੀ ਕਿ ਇਸ........ਗੁਰੂ ਨੇ ਮੈਨੂੰ ਇਕੱਲਾ ਵੇਖ ਕੇ ਮੇਰੀ ਇੱਜ਼ਤ ਤੇ ਹੱਥ ਪਾਉਣ ਦਾ ਯਤਨ ਕੀਤਾ ਹੈ।.....ਜੇ ਭਲੀ ਚਾਹੁੰਦੇ ਹੋ ਤਾਂ ਸਮਝੋ ਤੇ ਹੱਠ ਨਾ ਕਰੋ।.....ਆਪਣੀ ਇੱਜ਼ਤ ਬਚਾਉ ਤੇ ਮੈਨੂੰ ਤਪਦੀ ਨੂੰ ਠਾਰੋ।.....ਪਰ ਸਤਿਗੁਰੂ ਘਬਰਾਏ ਨਹੀ.... ਬੋਲੇ ਸਾਧੋ.....ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ, ਪੰਨਾ ੨੧੯।.....ਹੁਣ ਮੈਂ ਜਾਂਦਾ ਹਾਂ। ਇਸ ਤਰ੍ਹਾਂ ਦਸਮ ਪਿਤਾ ਉਸ ਦੇ ਜਾਲ ਚੋਂ ਅਡੋਲ ਹੀ ਨਿਕਲ ਗਏ।\"
ਲੇਖਕ ਡਬਲ ਗ੍ਰੈਜੂਏਟ ਸਿੱਖ ਵਿਦਵਾਨ ਹੈ।ਕਾਨੂੰਨ ਤੇ ਨਿਆਇ ਦਾ ਸਨਾਤਕ ਹੈ ਤੇ ਇਉਂ ਉਕਤੀ-ਯੁਕਤੀ, ਪ੍ਰਤੱਖ, ਪ੍ਰਮਾਣ, ਉਪਮਾ, ਸ਼ਬਦ ਆਦਿ ਦੇ ਭੇਦ ਸਮਝਦਾ ਹੈ। ਖ਼ਾਲਸਾ ਕਾਲਜ ਦਾ ਪ੍ਰੋਫ਼ੈਸਰ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ-ਕਥਾ ਤੇ ਚਰਿਤ੍ਰ ਲਕਸ਼ ਤੋ ਅਣਜਾਣ ਨਹੀਂ ਕਿਹਾ ਜਾ ਸਕਦਾ ਅਤੇ ਇਸ ਵਿਸ਼ੇ ਉੱਤੇ ਜੋ ਸੰਬੰਧਤ ਸਾਹਿਤ ਮੌਜੂਦ ਹੈ, ਉਸ ਤੋਂ ਵੀ ਲੇਖਕ ਅਗਯਾਤ ਨਹੀ ਮੰਨਿਆ ਜਾ ਸਕਦਾ। ਫੇਰ ਇਹ ਲੇਖ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿੱਜ ਪ੍ਰਮਾਣੀਕ ਰਸਾਲੇ ਵਿੱਚ ਛਪਿਆ ਹੈ, ਜਿਸ ਦੀਆਂ ਲਿਖਤਾਂ ਨੂੰ ਕਿ ਸਿੱਖ ਤੇ ਅਨਮਤ ਦੇ ਪੈਰੋਕਾਰ ਸਨਦ ਦੇ ਤੌਰ ਤੇ ਅਪਣਾਅ ਸਕਦੇ ਹਨ। ਕੀ ਸਮਝ ਕੇ ਵਿਦਵਾਨ ਲੇਖਕ ਨੇ ਇਸ ਕਹਾਣੀ ਨੂੰ, ਜਿਹੜੀ ਕਿ ਲੋਕਵਾਰਤਾ (ਢੋਲਕਲੋਰੲ) ਤੇ ਲੋਕ-ਸਾਹਿਤ (ਢੋਲਕ ਲਟਿੲਰੳਟੁਰੲ) ਤੋਂ ਉਚੇਰਾ ਕੋਈ ਵਾਸਤਵਿਕ ਦਰਜਾ ਨਹੀ ਰੱਖਦੀ, ਇੱਕ ਇਤਹਾਸਕ ਘਟਨਾ ਸਵੀਕਾਰ ਕਰ ਲਿਆ ਹੈ ?
ਬਸੋਖਤ ਅਕਲ ਜ਼ ਹੈਰਤ ਕਿਹ ਈਨ ਚਿਹ ਬੁਲਅਜਬੀਸਤ।
ਇਹ ਰੂਪ ਕੌਰ \'ਸੁਨੱਖੀ ਤੇ ਮਾਲਦਾਰ ਮੁਟਿਆਰ\' ਦੀ ਲੋਕਵਾਰਤਾ ਦਸਮ ਗ੍ਰੰਥ ਸੰਹਿਤਾ ਦੇ ਉਸ ਅਧਿਆਇ ਵਿੱਚ ਦਰਜ ਹੈ, ਜਿਸ ਨੂੰ ਕਿ \'ਤ੍ਰਿਯਾਚਰਿਤ੍ਰ\' ਆਖਿਆ ਜਾਂਦਾ ਹੈ। \'ਅਥ ਪਖਯਾਨ ਚਰਿਤ੍ਰ ਲਿਖਯਤੇ\' ਤੋਂ ਇਹ ਅਧਿਆਇ ਆਰੰਭ ਹੁੰਦਾ ਹੈ। \'ਉਪਾਖਯਾਨ\' ਸੰਸਕ੍ਰਿਤ ਸ਼ਬਦ ਦੇ ਅਰਥ ਕੋਸ਼ਾਂ ਵਿੱਚ \'ਵਾਰਤਾ\' \'ਵਤ੍ਰ\' ਦਿੱਤੇ ਹਨ, ਜਿਸ ਦੇ ਮਾਇਨੇ ਹਨ ਲੌਕਿਕ ਕਹਾਣੀ (Secular Story), ਇਤਿਹਾਸ, ਵਾਸਤਵਿਕ, ਸੱਚੀ-ਮੁੱਚੀ ਵਾਪਰੀ ਹੋਈ ਘਟਨਾ ਸਾਹਿਤ, ਹਿਤਕਰ ਵਿਚਾਰਾਂ ਕਰਕੇ ਮਨੋਕਲਪਤ ਕੀਤੀ ਤੇ ਕਥੀ ਹੋਈ ਵਾਰਤਾ (Fiction)। ਆਦੀ ਸਮਿਆਂ ਤੋਂ ਅਸਾਡੇ ਦੇਸ਼ ਦੀ ਪਰੰਪਰਾ ਵਿੱਚ ਕਥਾ-ਕਥਨੀ ਨੂੰ ਦੋਂਹ ਭਾਗਾਂ ਵਿੱਚ ਵੰਡਿਆ ਹੈ : ਪ੍ਰਭੂ ਸੰਹਿਤਾ ਤੇ ਸੁਹਿਰਦ ਸੰਹਿਤਾ। ਵੇਦ ਪ੍ਰਭੂ ਸੰਹਿਤਾ ਹਨ ਤੇ ਪੌਰਾਣ ਪੂਰਵ ਵਤ੍ਰ, ਬੀਤ ਚੁੱਕੀਆਂ ਕਥਾ-ਕਹਾਣੀਆਂ, ਸੁਹਿਰਦ ਸੰਹਿਤਾ ਦਾ ਵਿਸ਼ਾ-ਵਸਤੂ ਵਾਸਤਵਿਕ ਸਤਯ ਨਹੀ ਹੈ, ਇਸ ਲਈ ਉਹ ਮਿੱਤਰ, ਦੋਸਤ ਦੇ ਨੇਕ ਸਲਾਹ-ਮਸ਼ਵਰੇ ਦੇ ਤੁੱਲ ਹੈ, ਜਿਸ ਨੂੰ ਸੁਣਨ ਵਿਚਾਰਨ ਨਾਲ ਲਾਭ ਪ੍ਰਾਪਤ ਹੁੰਦਾ ਹੈ। ਅਸਾਡੇ ਪੁਰਾਤਨ ਗ੍ਰੰਥਾਂ ਵਿੱਚ ਚਤ੍ਰਸ੍ਰਹ ਵਿੱਦਿਆ (Four branches of knowledge) ਦਾ ਵਰਣਨ ਹੈ :
੧. ਆਨਵਿਕਸ਼ਕੀ (Logic, Metaphysics etc.); ੨. ਤ੍ਰੈਯ (Three Vedas); ੩. ਵਾਰਤਾ (Secular Arts and Fiction); ਅਤੇ ੪. ਦੰਡਨੀਤੀ (Politics, Statecraft etc.) ਤੇ ਉਪਾਖਯਾਨ, ਵਾਰਤਾ ਹੈ।
ਇਉਂ ਦਸਮ ਗ੍ਰੰਥ ਵਿੱਚ, \'ਤ੍ਰਿਯਾਚਰਿਤ੍ਰ\' ਦੇ ਆਰੰਭ ਵਿੱਚ ਹੀ ਇਸ ਸਾਰੇ ਅਧਿਆਇ ਨੂੰ, ਜਿਸ ਵਿੱਚ ਕਿ ਪ੍ਰੋਫ਼ੈਸਰ ਰਾਮ ਪ੍ਰਕਾਸ਼ ਸਿੰਘ ਜੀ ਵਾਲੀ \'ਰੂਪਕੋਅਰ\' ਦੀ ਵਾਰਤਾ ਦਰਜ ਹੈ, ਗੁਰੂ ਸਾਹਿਬ ਨੇ ਆਪ ਹੀ ਪਖਯਾਨ-ਚਰਿਤ੍ਰ ਲਿਖਯਤੇ ਕਹਿ ਕੇ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਰੂਪ ਕੌਰ ਦੀ ਕਥਾ ਇੱਕ ਮਨੋਕਲਪਤ ਕਹਾਣੀ ਕਿੱਸਾ ਹੈ,, ਸੁਹਿਰਦ ਸੰਹਿਤਾ ਹੈ, ਜੋ ਕਿ ਮਨੋਵਿਲਾਸ ਲਈ ਤੇ ਹਿਤੋਪਦੇਸ਼, ਨਸੀਹਤ ਦੇਣ ਲਈ ਕਹੀ ਤੇ ਕਥਨੀ ਗਈ ਹੈ। ਇਉਂ ਦਸਮ ਗ੍ਰੰਥ ਵਿੱਚ ਪਾਤਸ਼ਾਹ ਨੇ ਤ੍ਰਿਯਾਚਰਿਤ੍ਰ ਦੇ ਅੰਤ ਵਿੱਚ ਸਮਾਪਤ ਭਾਗ (Epilogic) ਰਾਹੀਂ ਆਪ ਜਿਹਾ ਹੈ :
ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ।। ਸੁਨੈ ਮੂੜ੍ਹ ਚਿਤ ਲਾਇ ਚਤੁਰਤਾ ਆਵਈ।।
ਪਖਯਾਨ ਚਰਿਤ੍ਰ ਅਥਵਾ ਤ੍ਰਿਯਾਚਰਿਤ੍ਰ ਨਾਮੀ ਅਧਿਆਇ ਵਿੱਚ ਪਹਿਲਾ ਚਰਿਤ੍ਰ ਯਾ ਵਾਰਤਾ ਇਸਤਰੀ ਦੇ ਵਿਰਾਟ ਰੂਪ (Metaphysical reality) ਦੀ ਹੈ ਤੇ ਇਸ ਦੇ ਆਰੰਭ ਵਿੱਚ ਹੀ ਇਸਤਰੀ ਤੇ ਅਕਾਲ ਪਰਖ ਨੂੰ ਅਭੇਦ ਕਰ ਕੇ ਦਰਸਾਇਆ ਹੈ :
ਤੁਹੀ ਖੜਗਧਾਰਾ ਤੁਹੀ ਬਾਢਵਾਰੀ।। ਤੁਹੀ ਤੀਰ ਤਰਵਾਰ ਕਾਤੀ ਕਟਾਰੀ।।..... ਤੁਹੀ ਬਿਸ਼ਨ ਤੂੰ ਬ੍ਰਹਮ ਤੂੰ ਰੁਦ੍ਰ ਰਾਜੈ।। ਤੁਹੀ ਬਿਸ੍ਰਮਾਤਾ.....।। ਤੁਹੀ ਤੁਰਕ ਹਿੰਦੂ ਜਗਤ ਮੈ ਬਨਾਏ।। ਤੁਹੀ ਪੰਥ ਹੈ ਅਵਤਰੀ ਸ੍ਰਿਸਟਿ ਮਾਂਹੀ।।
ਸਭ ਤੋਂ ਪਹਿਲਾ ਚਰਿਤ੍ਰ ਗੁਰੂ ਨੇ ਉਸ ਤ੍ਰਿਯਾ ਦਾ ਵਰਣਨ ਕੀਤਾ ਹੈ ਜੋ ਅਕਾਲ ਪੁਰਖ ਸਰਬਾਧਾਰ ਪਾਰਬ੍ਰਹਮ ਸ੍ਰਿਸ਼ਟੀ ਦਾ ਕਰਤਾ ਹੈ ਅਤੇ ਫੇਰ :
ਤੁਹੀ ਜੋਗ ਮਾਯਾ ਤੁਹੀ ਬਾਕ ਬਾਨੀ।।
ਸਰਵ-ਵਿਸ਼ਵ ਤੇ ਜੀਵ ਵਿੱਚ ਚੇਤਨਸੱਤਾ ਰੂਪ ਭੀ ਹੈ, ਜਿਸ ਸੱਤਾ ਦੀ ਪ੍ਰਤਿਭਾ ਦੇ ਆਸਰੇ ਕਵੀ, ਲਿਖਾਰੀ ਤੇ ਬੁੱਧੀਵਾਨ ਸਾਹਿਤਕ ਰਚਨਾ ਕਰਦੇ ਹਨ :
ਤਾਰਨ ਲੋਕ ਉਥਾਰਨ ਭੂਮਹਿ ਦੈਤ ਸੰਘਾਰਨ ਚੰਡ ਤੁਹੀ ਹੈ।। ਕਾਰਨ ਈਸ, ਕਲਾ ਕਮਲਾ ਹਰਿ, ਅਦ੍ਰਸੁਤਾ, ਜਹ ਦੇਖੇ ਉਹੀ ਹੈ।। ਤਾਮਸਤਾ, ਮਮਤਾ ਨਮਤਾ, ਕਵਿਤਾ ਕਵਿ ਕੇ ਮਨ ਮੱਧਿ ਗੁਹੀ ਹੈ।। (ਚੰਡੀ ਚਰਿਤ੍ਰ ਉਕਤਿ ਬਿਲਾਸ, ਪੰਨਾ ੭੪)
ਇਹੋ ਅਨਾਦੀ ਤਿੰਨ ਕਾਲ ਸੱਤਯ ਸ਼ਕਤੀ ਇਸਤਰੀ ਦਾ ਦਿੱਬ ਤੇ ਸਨਾਤਨ ਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਵਰਣਨ ਕੀਤਾ ਹੈ ਅਤੇ ਇਸੇ ਸ਼ਕਤੀ ਦਾ ਕਿਰਦਾਰ ਤ੍ਰਿਯਾਚਰਿਤ੍ਰ ਉਪਾਖਯਾਨ ਦੇ ਪਹਿਲੇ ਚਰਿਤ੍ਰ ਦਸਮ ਗ੍ਰੰਥ ਵਿੱਚ ਵਰਣਨ ਹੋਇਆ ਹੈ। ਜਿਸ ਵਿੱਚ ਕਿ \'ਦੈਤ ਸੰਘਾਰਨ ਚੰਡ\' ਦੀ ਵਾਰਤਾ ਕਹੀ ਹੈ, ਮਨੁੱਖ ਦੇ ਅੰਤਰ-ਆਤਮੇ ਪ੍ਰੋਖ ਇਸਥਿਤ ਉਹ ਈਸ਼ਵਰੀ-ਸ਼ਕਤੀ ਹੈ ਜਿਸ ਦੁਆਰਾ ਜੀਵ ਬਦੀ ਤੇ ਅਧਰਮ ਉੱਤੇ ਫ਼ਤਹ ਪਾਉਂਦਾ ਹੈ :
ਮਨ ਤੂੰ ਜੋਤ ਸਰੂਪੁ ਹੈ ਆਪਣਾ ਮੂਲੁ ਪਛਾਣੁ।।
ਗੁਰਵਾਕ ਦਾ ਆਸ਼ਾ ਭੀ ਇਹੋ ਹੈ। ਇਉਂ ਆਰੰਭ ਦਸਮ ਗ੍ਰੰਥ ਦੀ ਉਸ ਰਚਨਾ ਦਾ ਹੁੰਦਾ ਜੋ ਕਿ ਸਾਰੇ ਗ੍ਰੰਥ ਦਾ ਲਗਭਗ ਅਰਧਭਾਗ ਹੈ ਤੇ ਕਥਾ ਇਉਂ ਤੁਰਦੀ ਹੈ :
ਪ੍ਰਥਮ ਧਯਾਇ ਸ਼੍ਰੀ ਭਗਵਤੀ ਬਰਨੌ ਤ੍ਰਿਯਾ ਪ੍ਰਸੰਗ ।। ਮੋ ਘੱਟ ਮੈ ਤੁਮ ਹੈ ਨਦੀ ਉਪਜਹੁ ਬਾਕ ਤਰੰਗ ।।
ਇਥੇ ਭੀ ਸਪੱਸ਼ਟ ਕਰ ਦਿੱਤਾ ਹੈ ਕਿ ਜੋ ਕਥਾ-ਕਹਾਣੀਆਂ ਗੁਰੂ ਸਾਹਿਬ ਅੱਗੇ ਲਿਖਣ ਲੱਗੇ ਹਨ, ਉਹ ਵਾਸਤਵਿਕ ਇਤਿਹਾਸ ਨਹੀਂ, ਮਨ ਰੂਪੀ ਨਦੀ ਵਿੱਚ ਉਪਜੇ ਹੋਏ ਬਾਕ-ਤਰੰਗ ਹਨ। ਹੁਣ ਤ੍ਰਿਯਯਾਚਰਿਤ੍ਰ ਆਰੰਭ ਕਰਦੇ ਹਨ :
ਚਿੱਤ੍ਰਵਤੀ ਨਗਰੀ ਬਿਖੈ ਚਿੱਤ੍ਰ ਸਿੰਘ ਨ੍ਰਿਪ ਏਕ।।..... ਤਾ ਕੋ ਰੂਪ ਅਨੂਪ ਅਤਿ ਜੋ ਬਿਧਿ ਧਰਯੋ ਸੁਧਾਰਿ।।..... ਏਕ ਅਪਸਰਾ ਇੰਦ੍ਰ ਕੇ ਜਾਤ ਸਿੰਗਾਰ ਬਨਾਇ।। ਨਿਰਖ ਰਾਇ ਅਟਕਤਿ ਭਈ.....।। ਬਰੀ ਰਾਇ ਸੁਖ ਪਾਇ ਮਨ ਦੁੰਦਭਿ ਢੋਲ ਬਜਾਇ ।। ਬਹੁਤ ਬਰਸਿ ਸੰਗ ਅਪਸਰਾ ਭੂਪਤਿ ਮਾਨੇ ਭੋਗ ।। ਬਹੁਰਿ ਅਪਸਰਾ ਇੰਦ੍ਰ ਕੈ ਜਾਤ ਭਈ ਉਡਿ ਲੋਗ ।।
ਚਿੱਤ੍ਰਵਤੀ ਨਗਰ ਵਿੱਚ ਚਿੱਤਰ ਸਿੰਘ ਨਾਮੀ ਇੱਕ ਅਨੂਪਮ ਸੁੰਦਰ ਰਾਜਾ ਸੀ, ਜਿਸ ਉੱਪਰ ਇੱਕ ਅਪਸਰਾ ਮੋਹਿਤ ਹੋ ਗਈ ਤੇ ਕਈ ਵਰ੍ਹੇ ਉਸ ਦੀ ਵਹੁਟੀ ਬਣ ਕੇ ਰਾਜੇ ਨਾਲ ਰਹੀ। ਇੱਕ ਪੁੱਤਰ ਵੀ ਜਨਮਿਆ ਇਸ ਸੰਜੋਗ ਵਿੱਚੋਂ ਪਰ ਫੇਰ ਅਪਸਰਾ ਆਪਣੇ ਮਨੁਸ਼ ਪ੍ਰੇਮੀ ਨੂੰ ਛੱਡ ਕੇ, ਆਪਣੇ ਅਸਲੀ ਘਰ ਇੰਦਰ ਲੋਕ ਚਲੀ ਗਈ।
ਇਹ ਕਹਾਣੀ ਸੰਸਾਰ ਭਰ ਦੇ ਗ੍ਰੰਥ ਸਾਹਿਤ ਦੀ ਪਹਿਲੀ ਕਹਾਣੀ ਹੈ ਤੇ ਰਿਗਵੇਦ (੧੦੯੫) ਵਿੱਚ ਉਰਵਸ਼ੀ ਤੇ ਪੁਰੂਰਵਾ ਦੇ ਨਾਮਾਂ ਨਾਲ ਅੰਕਿਤ ਕੀਤੀ ਹੋਈ ਹੈ। ਰਿਗਵੇਦ ਦੇ ਦਸਵੇਂ ਮੰਡਲ ਵਿੱਚ ਅੰਕਿਤ ਵਾਕਯੋਵਾਕ ਦੇ ਅਨੁਸਾਰ ਜਦੋ ਪੁਰੂਰਵਾ, ਉਰਵਸ਼ੀ ਦੀ ਜੁਦਾਈ ਵਿੱਚ ਅਤਿ ਬਿਹਬਲ ਹੋ ਜਾਂਦਾ ਹੈ ਅਤੇ ਆਤਮਘਾਤ ਦਾ ਨਿਸ਼ਚਾ ਕਰਦਾ ਹੈ ਤਾਂ ਉਰਵਸ਼ੀ ਸੁਰਲੋਕ ਤੋਂ ਮ੍ਰਿਤੂ-ਲੋਕ ਵਿੱਚ ਉਤਰਦੀ ਹੈ ਤੇ ਪੁਰੂਰਵਾ ਨੂੰ ਕਹਿੰਦੀ ਹੈ :
\"ਪੁਰੂਰਵਾ, ਮਰਨ ਨਿਸ਼ਚਾ ਤਿਆਗ ਦਿਉ, ਆਤਮਘਾਤ ਨਾ ਕਰੋ, ਨਿਰਦਯੀ ਬਨ ਜੀਵਾਂ ਦੀ ਭੇਟਾ ਆਪਣਾ ਸਰੀਰ ਮਤ ਕਰੋ। ਸ਼ਤ੍ਰਯ ਦੀ ਮਿਤ੍ਰਤਾ ਤਿੰਨ ਕਾਲ ਅਸਥਿਰ ਹੈ, ਕਿਉਂ ਜੁ ਊਹਨ੍ਹਾਂ ਦਾ ਹਿਰਦਾ ਬਿੱਜੂ, ਮੁਰਦਾਖੋਰ ਦਾ ਹੈ।\"
ਇਸਤਰੀ ਦੇ ਮਨ ਤੇ ਚਰਿਤ੍ਰ ਦਾ ਇਹ ਵਿਸ਼ਲੇਸ਼ਣ ਤੇ ਜਾਇਜ਼ਾ ਰਿਗਵੇਦ ਵਿੱਚ ਅੰਕਤ ਹੈ ਅਤੇ ਇਸਤਰੀ ਦੀ ਆਤਮਕ ਕੂਤ ਤੇ ਸਮਾਜਕ ਸਥਾਨ, ਨੀਵਾਂ ਤੇ ਘਟੀਆਂ ਦਰਜੇ ਦਾ, ਜੋ ਕਿ ਹਿੰਦੂ ਸ਼ਾਸਤਰਾਂ, ਗ੍ਰੰਥਾਂ ਵਿੱਚ ਲਿਆਂਦਾ ਗਿਆ ਹੈ, ਉਸ ਸਾਰੀ ਵਿਚਾਰਧਾਰਾ ਤੇ ਸਥਿਤੀ (Doctrine and practice) ਦਾ ਮੂਲ-ਗਰਭ ਇਹੋ ਰਿਗਵੇਦ ਵਾਕਯੋਵਾਕ ਹੀ ਹੈ। ਗੁਰੂ ਨਾਨਕ ਦੇਵ ਜੀ ਨੇ ਜਦੋਂ ਬਚਨ ਕੀਤਾ :
ਸੋ ਕਿਉਂ ਮੰਦਾ ਆਖਿਐ ਜਿਤੁ ਜੰਮਹਿ ਰਾਜਾਨ।।
ਤਾਂ ਸੰਕੇਤ ਇਸ ਰਿਗਵੇਦ ਵਿੱਚੋਂ ਉੱਗਮੀ ਤੇ ਪਿਛਲੇਰੀਆਂ ਕਈ ਸਹੱਸ੍ਰਾਬਦੀਆਂ ਵਿੱਚ ਪ੍ਰਪੱਕ ਹੋ ਚੁੱਕੀ ਵਿਚਾਰਧਾਰਾ ਤੇ ਸਥਿਤੀ ਵੱਲ ਹੀ ਸੀ ਤੇ ਨਿਸ਼ਾਨਾ ਇਸ ਦਾ ਵਿਰੋਧ ਤੇ ਨਿਰੋਧ ਕਰਨਾ ਹੀ ਸੀ, ਜੋ ਵਿਚਾਰਧਾਰਾ ਤੇ ਸਥਿਤੀ ਨਾ ਕੇਵਲ ਹਿੰਦੂ ਸਮਾਜ, ਸਗੋਂ ਸੰਸਾਰ ਦੇ ਮਹਾਨ ਸਾਮੀ ਸਮਾਜਾਂ ਈਸਾਈ, ਮੂਸਾਈ ਤੇ ਮੁਸਲਮ ਸਮਾਜਾਂ ਦੀ ਭੀ ਬੁਨਿਆਦੀ ਕਮਜ਼ੋਰੀ ਦਾ ਕਾਰਨ ਹਜਾਰਾਂ ਵਰ੍ਹੇ ਬਣੀ ਰਹੀ ਹੈ ਅਤੇ ਜਿਸ ਦੇ ਹਾਨੀਕਾਰਕ ਪਰਿਣਾਮ ਦੀ ਸੋਝੀ ਕਿਤੇ ਹੁਣ ੧੯ਵੀਂ ਸਦੀ ਵਿੱਚ ਸੰਸਾਰ ਨੂੰ ਪਈ ਹੈ। ਦਸਮ ਗ੍ਰੰਥ ਦੇ ਤ੍ਰਿਯਾਚਰਿਤ੍ਰ ਵਿੱਚ ਪੁਰੂਰਵਾ ਪਰਛਾਵੇਂ-ਪੁਣੇ ਤੋ ਕੰਮ ਲੈਂਦਾ ਹੈ ਅਤੇ ਅਪਸਰਾ ਦੇ ਅਲੋਪ ਹੋ ਜਾਣ ਉੱਤੇ :
ਤਿਹ ਬਿਨੁ ਭੂਪਤਿ ਦੁਖਿਤ ਹ੍ਰੈ ਮੰਤ੍ਰੀ ਲਏ ਬੁਲਾਇ।। ਚਿਤ੍ਰ ਚਿੱਤ੍ਰਿ ਤਾ ਕੋ ਤੁਰਿਤ ਦੇਸਨ ਦਯੋ ਪਠਾਇ।।
ਉਸ ਅਪਸਰਾ ਦੀ ਮੂਰਤ ਬਣਾ ਕੇ ਆਪਣੇ ਜਾਸੂਸ ਬਾਹਰ-ਅੰਦਰ ਦੇਸ਼ਾਂ ਬਿਦੇਸ਼ਾ ਵਿੱਚ ਭੇਜ ਦਿੱਤੇ ਕਿ ਇਹੋ ਜਿਹੀ ਸੁੰਦਰ ਤ੍ਰੀਮਤ ਲੱਭੋ। ਉਨ੍ਹਾਂ ਜਾਸੂਸਾਂ ਨੇ :
ਖੋਜਤ ਓਡਛ ਨਾਥ ਕੇ ਲਹੀ ਕੰਨਿਕਾ ਏਕ।। ਰੂਪ ਸਕਲ ਸਮ ਅਪਸਰਾ ਤਾਂ ਤੇ ਗੁਨਨ ਬਿਸੇਖ।।
ਉੜੀਸਾ ਦੇਸ਼ ਦੇ ਰਾਜੇ ਦੀ ਧੀ ਜਾ ਲੱਭੀ, ਜੋ ਕਿ ਸੁੰਦਰ ਤਾਂ ਅਪਸਰਾ ਵਰਗੀ ਹੀ ਸੀ, ਪਰ ਗੁਣਾਂ ਵਿੱਚ ਅਪਸਰਾ ਨਾਲੋਂ ਵੱਧ ਸੀ, ਭਾਵ ਇਹ ਹੀ ਹੈ ਕਿ ਵਿੱਦਿਆ, ਕਲਾ ਆਦਿ ਵਿੱਚ ਅਪਸਰਾ ਨਾਲੋਂ ਵਧੇਰੇ ਪ੍ਰਬੀਨ ਸੀ, ਕਿਉਂਜੁ ਪਤਿਬ੍ਰਤ ਧਰਮ ਤਾਂ ਇਸ \'ਓਡਛਨਾਥ\' ਕੰਨਿਆ ਦਾ ਭੀ ਇਸ ਅਪਸਰਾ ਅਥਵਾ ਉਰਵਸ਼ੀ ਨਾਲੋਂ ਕੋਈ ਵਧੇਰੇ ਪ੍ਰਪੱਕ ਨਹੀ ਸੀ।
ਖੈਰ, ਦਸਮ ਗ੍ਰੰਥ ਵਿੱਚ ਅੰਕਿਤ ਕਥਾ ਇਉਂ ਹੈ ਕਿ ਇਸ ਉੜੀਸੇ ਦੀ ਰਾਜ ਕੁਮਾਰੀ ਨੂੰ ਚਿੱਤਰ ਸਿੰਘ ਨੇ ਖੋਹ ਲਿਆਂਦਾ। ਇਸ ਯੁੱਧ ਵਿੱਚ ਚਿੱਤਰ ਸਿੰਘ ਦਾ ਯੁਵਰਾਜ, ਹਨਿਵਤਿ ਸਿੰਘ, ਸੰਗ੍ਰਾਮਸ਼ਾਹ ਯਾ ਫ਼ੌਜਾਂ ਦਾ ਕਮਾਣ ਅਫ਼ਸਰ ਸੀ ਚਿੱਤਰ ਸਿੰਘ ਆਪ ਰਣਤੱਤੇ ਵਿੱਚ ਹੋ ਕੇ ਨਹੀ ਲੜਿਆ :
ਹਨਿਵਤਿ ਸਿੰਘ ਆਗੇ ਕਿਯੌ ਅਮਿਤ ਸੈਨ ਦੈ ਸਾਥ।। ਚਿੱਤ੍ਰ ਸਿੰਘ ਪਾਛੇ ਰਹਯੋ ਗਹੈ ਬਰਛਿਯਾ ਹਾਥ।।
ਫੇਰ :
ਮਾਰਿ ਓਡਛਾ ਰਾਇ ਕੋ ਲਈ ਸੁਤਾ ਤਿਹ ਜੀਤਿ।। ਬਰੀ ਰਾਇ ਸੁਖ ਪਾਇ ਮਨ ਮਾਨਿ ਸਾਸਤ੍ਰ ਕੀ ਰੀਤਿ।।
ਧੱਕੇ ਨਾਲ ਪਰਾਈ ਧੀ ਖੋਹ ਕੇ ਵਿਆਹ ਲੈਣੀ, \"ਸੁਖ ਪਾਇ ਮਨ\" ਇਹ \"ਸਾਸਤ੍ਰ ਕੀ ਰੀਤਿੌ ਹੈ। ਮਨੂ ਧਰਮ ਸ਼ਾਸਤਰ ਵਿੱਚ ਅਸ਼ਟ ਵਿਵਾਹ ਵਿਧਾਨ ਹਨ :
1. ਬ੍ਰਾਹਮਣ ਵਿਵਾਹ : ਵਰ ਨੂੰ ਘਰ ਬੁਲਾ ਕੇ ਕੰਨਿਆ ਦੇਣੀ। 2. ਦੇਵ ਵਿਵਾਹ : ਯੱਗ ਕਰਾਉਣ ਵਾਲੇ ਨੂੰ ਕੰਨਿਆ ਦੇਣੀ। 3. ਆਰਸ : ਵਰ ਤੋਂ ਬੈਲ ਆਦਿ ਕੀਮਤ ਲੈ ਕੇ ਕੰਨਿਆ ਦੇਣੀ। 4. ਜਿਸ ਬਾਬਤ ਕਿ ਅਸਾਡੇ ਰਹਿਤਨਾਮਿਆਂ ਵਿੱਚ ਲਿਖਿਆ ਹੈ, ਧੀ ਭੈਣ ਕਾ ਪੈਸਾ ਲੇਈ। ਭਾਤਕ ਸਿਖ ਹੋਤ ਹੈ ਸੋਈ। 5. ਪ੍ਰਾਜਾਪਤਯ : ਕੁੜੀ ਤੇ ਮੁੰਡੇ ਦਾ ਪਰਸਪਰ ਰਜ਼ਾਮੰਦੀ ਨਾਲ ਵਿਆਹ, ਜਿਸ ਨੂ ਅੱਜ ਕੱਲ ਪ੍ਰੇਮ-ਸੰਯੋਗ (Love marriage) ਆਖਿਆ ਜਾਂਦਾ ਹੈ ਤੇ ਜਿਸ ਦਾ ਰੂਪਾਂਤਰ ਅਦਾਲਤੀ ਸ਼ਾਦੀ (Civil marriage) ਹੈ। 6. ਗਾਂਧ੍ਰਵ ਵਿਵਾਹ : ਜਿਥੇ ਤੇ ਜਦੋਂ ਮਨ ਕੀਤਾ ਸੰਯੋਗ ਕਰ ਲਿਆ, ਜਿਸ ਦਾ ਰੂਪਾਂਤਰ ਕਿ ਆਧੁਨਿਕ ਸੰਗਤ ਵਿਵਾਹ (Companionate marriage) ਹੈ, ਜਿਸ ਦਾ ਪ੍ਰਚਾਰ ਕਿ ਬ੍ਰਟਰੈਂਡ ਰੱਸਲ (Bertrand Russel) ਨੇ ਕੀਤਾ ਹੈ। 7. ਆਸੁਰ : ਧੀ ਲੈਣੀ ਤੇ ਧੀ ਦੇਣੀ (ਵੱਟਾ) ਜਿਸ ਦਾ ਰਿਵਾਜ਼ ਕਿ ਅੱਜ ਤੱਕ ਅਸਾਡੇ ਦੇਸ਼ ਦੀਆਂ ਕਈ ਜਾਤੀਆਂ ਵਿੱਚ ਹੈ। 8. ਰਾਕਸ਼ਸ਼ ਵਿਵਾਹ : ਯੁੱਧ ਵਿੱਚ ਜਿੱਤ ਕੇ ਕੰਨਿਆ ਵਰ ਲੈਣੀ ਜਿਸ ਤਰ੍ਹਾਂ ਕਿ ਅਸਾਡੇ ਪਾਤਰ ਚਿੱਤਰ ਸਿੰਘ ਨੇ ਕੀਤਾ ਅਤੇ ਜਿਵੇਂ ਕਿ ਬਿਦੇਸ਼ੀ ਤੁਰਕ ਜਰਵਾਣੇ ਅਸਾਡੇ ਦੇਸ਼ ਦੀਆਂ ਧੀਆਂ ਭੈਣਾਂ ਨਾਲ ਸੌ ਵਰ੍ਹੇ ਕਰਦੇ ਚਲੇ ਆਏ ਸਨ ਅਤੇ ਜਿਸ ਤੋਂ ਸਿੰਘਾਂ ਨੂੰ ਦਸਮ ਪਾਤਸ਼ਾਹ ਨੇ ਇਉਂ ਕਹਿ ਕੇ ਵਰਜਿਆ ਸੀ ਕਿ ਸਿੱਖ ਤੁਰਕਾਂ ਜਰਵਾਣਿਆਂ ਦੀ ਰੀਸ ਨਾ ਕਰਨ, ਕਿਉਂ ਜੁ ਸਿੰਘ-ਆਦਰਸ਼ ਉਚੇਰੇ ਹਨ :
ਹਮ ਲੋ ਜਾਨੋ ਪੰਥ ਉਚੇਰੇ।। ਨਹੀ ਅਧੋਗਤਿ ਥਿਖੈ ਪੁਚਾਵੈਂ।।
ਪੇਸ਼ਾਚ ਵਿਵਾਹ : ਰੋਂਦੀ ਕੁਰਲਾਂਦੀ ਕੰਨਿਆ ਖੋਹ ਕੇ ਲੈ ਜਾਣੀ। ਜਿਵੇਂ ਕ੍ਰਿਸ਼ਨ ਜੀ ਰੁਕਮਣੀ ਨੂੰ ਦੇਵ ਪੂਜਾ ਕਰਦੀ ਨੂੰ ਖੋਹ ਕੇ ਲੈ ਗਏ ਸਨ ਤੇ ਜਿਵੇਂ ੧੯੪੭ ਦੀ ਦੇਸ਼-ਵੰਡ ਵੇਲੇ ਹਜ਼ਾਰਾਂ ਕੰਨਿਆਂ ਖੋਹ ਲਈਆਂ ਗਈਆਂ।
ਇਹ ਅੱਠੇ ਤਰੀਕੇ ਕੰਨਿਆ ਵਰਨ ਦੇ ਸ਼ਾਸਤਰ ਕੀ ਰੀਤ ਹੈ ਤੇ ਇਸੇ ਲਈ ਚਿੱਤਰ ਸਿੰਘ ਨੇ ਉੜੀਸਾ ਦੀ ਰਾਜਕੁਮਾਰੀ ਜਿਸ ਦਾ ਨਾਮ ਕਿ ਚਿਤ੍ਰਮਤੀ ਸੀ, ਨੂੰ ਨਿਸ਼ਚਿੰਤ ਹੋ ਕੇ, \"ਸੁਖ ਪਾਇ ਮਨ\" ਵਿਆਹ ਲਿਆ। ਪਰ ਚਿਤ੍ਰਮਤੀ, ਚਿੱਤਰ ਸਿੰਘ ਦੀ ਵਿਆਹੁਤਾ ਇਸਤਰੀ ਤਾਂ ਬਣ ਗਈ, ਪਰ ਇਸ ਦਾ ਭਾਵ ਇਹ ਨਹੀਂ ਕਿ ਪਤਿਬ੍ਰਤ ਧਰਮ ਵਿੱਚ ਭੀ ਪ੍ਰਪੱਕ ਹੋ ਗਈ :
ਹਨਿਵਤਿ ਸਿੰਘਹਿ ਸੋ ਰਹੈ ਸ਼ਚਤਵਤ ਆਠੋ ਜਾਮ।।
ਅੱਠੇ ਪਹਿਰ ਆਪਣੇ ਮਤਰੇਏ ਪੁੱਤਰ ਹਨਵਤ ਸਿੰਘ ਦਾ ਧਿਆਨ ਹੀ ਆਪਣੇ ਮਨ ਵਿੱਚ ਵਸਾਈ ਰੱਖੇ। ਗੱਲ ਕੀ ਚਿਤ੍ਰਮਤੀ ਰਾਜਕੁਮਾਰ ਨੂੰ ਕਿਸੇ ਬਹਾਨੇ ਆਪਣੇ ਕੋਲ ਲੈ ਆਈ :
ਚੋਰਿ ਚਤੁਰਿ ਚਿਤ ਲਯੋ ਕਹੋ ਕਸ ਕੀਜੀਐ ।। ਸਾਹਮਨੇ ਬੈਠ ਕੇ ਦਿਲ ਕੋ ਜੋ ਚੁਰਾਏ ਕੋਈ।। ਐਸੀ ਚੋਰੀ ਕਾ ਪਤਾ ਖ਼ਾਕ ਲਗਾਏ ਕੋਈ।। ਅਤਿ ਅਨੂਪ ਸੁੰਦਰ ਸਰਸ ਮਨੋ ਮੈਨ ਕੇ ਐਨ।। ਮੋ ਮਨ ਕੋ ਮੋਹਤ ਸਦਾ ਮਿੱਤ੍ਰ ਤਿਹਾਰੇ ਨੈਨ।।
ਰਾਜਕੁਮਾਰ ਜੀ, ਤੁਹਾਡੇ ਨੈਣ, ਅਨੂਪ, ਸੁੰਦਰ, ਰਸੀਲੇ, ਮਾਨੌ ਮੇਨਿਕਾ ਅਪਸਰਾ ਦੀਆਂ ਅੱਖਾਂ ਹਨ, ਇਸੇ ਲਈ ਇਹ ਮੋਮਨਾਂ ਨੂੰ (ਯਾ ਮੇਰੇ ਮਨ ਨੂੰ) ਸਦਾ ਮੋਂਹਦੇ ਹਨ। ਇਹੋ ਕਾਵਿਮਈ ਬਿਲਾਸ ਦੇ ਬਹੁਤ ਬਚਨ ਚਿਤ੍ਰਮਤੀ ਨੇ ਆਪਣੇ ਰਾਜਕੁਮਾਰ ਮਤਰੇਏ ਪੁੱਤਰ ਨਾਲ ਕੀਤੇ ਹਨ, ਪਰ :
ਵਾਂ ਕੀ ਕਹੀ ਨ ਨ੍ਰਿਪਸੁਤ ਮਾਨੀ।। ਚਿੱਤ੍ਰਮਤੀ ਤਬ ਭਈ ਖਿਸਾਨੀ।।
ਬੱਸ, ਫਿਰ ਜਿਵੇਂ ਕਿ ਰਾਮ ਪ੍ਰਕਾਸ਼ ਸਿੰਘ ਜੀ ਨੇ ਲਿਖਿਆ ਹੈ ਚਿਤ੍ਰਮਤੀ ਨੇ ਜਾਤਾ, ਕਿ ਮੇਰੀ ਜੁਆਨੀ ਤੇ ਹੁਸਨ ਦਾ ਅਪਮਾਨ ਹੋਇਆ ਹੈ ਅਤੇ :
ਚਿਤ੍ਰ ਸਿੰਘ ਪੈ ਜਾਇ ਪੁਕਾਰੋ।। ਬਡੋ ਦੁਸ਼ਟ ਇਹ ਪੁਤ੍ਰ ਤੁਹਾਰੋ।। ਫਾਰਿ ਚੀਰ ਕਰ ਆਪਨੇ ਮੁਖ ਨਖ ਘਾਇ ਲਗਾਇ।। ਰਾਜਾ ਕੋ ਰੋਖਿਤ ਕਿਯੋ ਤਨ ਕੋ ਚਿਹਨ ਦਿਖਾਇ।।
ਆਪਣੇ ਬਸਤਰ ਆਪ ਹੀ ਫਾੜ ਲਏ ਤੇ ਆਪ ਹੀ ਨੌਹਾਂ ਨਾਲ ਆਪਣੇ ਮੂੰਹ ਉੱਤੇ ਘਾਉ ਕਰ ਲਏ ਅਤੇ ਆਪਣੇ ਪਤੀ ਨੂੰ ਜਾ ਆਖਿਓਸੁ ਕਿ ਤੇਰਾ ਪੁੱਤਰ ਬੜਾ ਦੁਸ਼ਟ ਹੈ :
ਬਚਨ ਸੁਨਤ ਕ੍ਰੁੱਧਿਤ ਨ੍ਰਿਪ ਭਯੋ।। ਮਾਰਨ ਹੇਤ ਸੁਤਹਿ ਲੈ ਗਯੋ।। ਮੰਤ੍ਰਿਨ ਆਨਿ ਰਾਵ ਸਮੁਝਾਯੋ।। ਤ੍ਰਿਯਾ ਚਰਿੱਤ੍ਰ ਨ ਕਿਨਹੂੰ ਪਾਯੋ।।
ਰਾਜੇ ਨੇ ਆਪਣੇ ਪੁੱਤਰ ਦੇ ਕਤਲ ਦਾ ਹੁਕਮ ਦੇ ਦਿੱਤਾ, ਪਰ ਵਜ਼ੀਰਾਂ ਨੇ ਸਮਝਾਇਆ ਕਿ ਹੇ ਰਾਜਨ। ਇਸਤਰੀ ਦਾ ਚਰਿਤ੍ਰ ਬੜਾ ਡੂੰਘਾ ਹੈ, ਇਸ ਦੀਆਂ ਗੱਲਾਂ ਵਿੱਚ ਝਟ-ਪਟ ਨਹੀ ਆ ਜਾਈਦਾ :
ਇਤਿ ਸ਼੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੇ, ਮੰਤ੍ਰੀ ਭੂਤ ਸੰਬਾਦੇ ਦੁਤਿਯ ਚਰਿਤ੍ਰ ਸਮਾਪਤਮ-ਸਤੁਸੁਭਮਸਤੁ।।
ਇਹ ਦਸਮ ਗ੍ਰੰਥ ਦੇ ਤ੍ਰਿਯਾਚਰਿਤ੍ਰ ਨਾਮੀ ਭਾਗ ਦਾ ਦੂਜਾ ਅਧਿਆਇ ਹੈ ਅਤੇ ਅੱਗੇ ਜੋ ਤ੍ਰਿਯਾਚਰਿਤ੍ਰ ਦੀਆਂ ਕਹਾਣੀਆਂ ਆਉਂਦੀਆਂ ਹਨ, ਉਹ ਮੰਤ੍ਰੀ ਭੂਪ ਸੰਬਾਦੇ, ਰਾਜਾ ਚਿੱਤਰ ਸਿੰਘ ਤੇ ਉਸ ਦੇ ਵਜ਼ੀਰ ਦੀ ਆਪੋ ਵਿੱਚ ਹੀ ਗੱਲ-ਬਾਤ ਹੈ, ਕੋਈ ਵਾਸਤਵਿਕ ਇਤਿਹਾਸ ਨਹੀਂ ਹੈ।
ਇੱਥੇ ਦੋ ਗੱਲਾਂ ਕਥਨਯੋਗ ਹਨ : ਮਾਤਾ ਪੁੱਤਰ ਦੇ ਵਿਚਾਰ ਦਾ ਵਿਸ਼ਾ ਲੋਕਵਾਰਤਾ ਵਿੱਚ ਪਹਾੜਾਂ ਵਾਂਗਰ ਪੁਰਾਤਨ ਹੈ। ਯੂਨਾਨੀਆਂ ਦੀ ਉਦੀਪਸ (Oedepus) ਦੀ ਵਾਰਤਾ ਦਾ ਸਾਰੰਸ਼ (Motif) ਇਹ ਵਿਚਾਰ ਹੀ ਹੈ, ਜਿਸ ਦੇ ਆਧਾਰ ਤੇ ਆਧੁਨਿਕ ਮਹਾਂ ਵਿਗਿਆਨੀ ਫ਼ਰਾਇਡ (Freud) ਨੇ ਉਦੀਪਸ ਮਾਨਸਕ ਰੋਗ (Oedepus Complex) ਦੀ ਉਲੇਖਨਾ ਕੀਤੀ ਹੈ। ਇਹ ਵਾਰਤਾ ਸਾਰੰਸ਼ ਵਿੱਚ ਇੱਕ ਤੋਂ ਵੱਧ ਥਾਂ ਮੌਜੂਦ ਹੈ। ਪਰ ਸਾਊ (Sophisticated) ਭਾਰਤੀ ਪਰੰਪਰਾ ਤੇ ਲੋਕ-ਵਾਰਤਾ ਵਿੱਚ ਇਹ ਮਨੋਬਿਰਤੀ ਸਾਰੰਸ਼ ਮਤਰੇਈ ਮਾਂ ਦੀ ਯੁਵਕ ਪੁੱਤਰ ਨਾਲ ਵਿਭਚਾਰ ਦੀ ਇੱਛਾ ਦਾ ਰੂਪ ਧਾਰਨ ਕਰ ਗਿਆ ਹੈ, ਘੱਟ ਤੋ ਘੱਟ, ਲੋਕ ਸਾਹਿਤ ਵਿੱਚ ਤੇ ਗ੍ਰੰਥ ਸਾਹਿਤ ਵਿੱਚ ਦਸਮ ਗ੍ਰੰਥ ਦੇ ਤ੍ਰਿਯਾਚਰਿਤ੍ਰ ਦੀ ਵੱਡੀ ਕਹਾਣੀ, ਜਿਸ ਵਿੱਚੋਂ ਕਿ ਬਾਕੀ ਦੀਆਂ ਕਹਾਣੀਆਂ ਜੋ ਕਿ ੪੦੦ ਕੁ ਹਨ, ਨਿਕਲਦੀਆਂ ਹਨ, ਦਾ ਮਨੋਬ੍ਰਿਤੀ ਸਾਰੰਸ਼ ਇਹ ਊਦੀਪਸ ਮਾਨਸਿਕ ਰੋਗ ਹੀ ਹੈ, ਜਿਸ ਨੂੰ ਆਧਾਰ ਬਣਾ ਕੇ ਮਨਾਲੋਚਨਾ (Psychoanalysis) ਦੇ ਵਿਗਿਆਨੀ ਮਨੁੱਖ ਦੇ ਸਮੁੱਚੇ ਚਰਿਤ੍ਰ ਨੂੰ ਉਲੇਖਨ ਤੇ ਦਰਸਾਉਣ ਦੇ ਯਤਨ ਕਰਦੇ ਹਨ। ਇਉਂ ਵਿਚਾਰਿਆਂ ਤ੍ਰਿਯਾ-ਚਰਿਤ੍ਰ ਦੇ ਕਰਤਾ ਨੇ ਚਿਤ੍ਰਮਤੀ ਤੇ ਹਨਿਵਤਿ ਸਿੰਘ ਦੀ ਕਹਾਣੀ ਨੂੰ ਆਧਾਰ ਬਣਾ ਕੇ ਜਿਹੜਾ ਬਾਕੀ ੪੦੦ ਕਹਾਣੀਆਂ ਨੂੰ ਇਸ ਸੰਦੂਕ ਵਿੱਚ ਬੰਦ ਕੀਤਾ ਹੈ, ਇਹਦਾ ਗੋਹਯ ਰਹੱਸਯ ਬੜਾ ਮਹਾਨ ਪ੍ਰਤੀਤ ਹੋ ਆਉਂਦਾ ਹੈ। ਊਂਜ, ਇੱਕ ਕਹਾਣੀ ਕਥਾ ਨੂੰ ਅਵਿਲੰਭ ਬਣਾ ਕੇ, ਉਸ ਨਾਲ ਅਨੇਕ ਹੋਰ ਕਥਾ-ਕਹਾਣੀਆ ਟੁੰਗਣ ਦੀ ਪਰਪਾਟੀ ਸਾਡੇ ਦੇਸ਼ ਦੀ ਸਾਹਿਤ-ਪਰੰਪਰਾ ਵਿੱਚ ਬਹੁਤ-ਬਹੁਤ ਪੁਰਾਣੀ ਹੈ। ਪੰਡਤ ਗੁਣਾਢਯ ਦੀ ਰਚਿਤ ਬ੍ਰਹਤਕਥਾ ਜੋ ਕਿ ਅਲੋਪ ਹੋ ਚੁੱਕੀ ਹੈ ਅਤੇ ਜਿਸ ਬਾਬਤ ਕਿ ਡਾਕਟਰ ਕੀਥ ਕਹਿੰਦਾ ਹੈ, ਕਿ ਇਸ ਦੀ ਸਾਹਿੱਤਕ ਮਹਾਨਤਾ ਰਾਮਾਇਣ ਤੇ ਮਹਾਂਭਾਰਤ ਨਾਲੋ ਕਿਸੇ ਪ੍ਰਕਾਰ ਵੀ ਘੱਟ ਨਹੀ ਸੀ। (see, A history of Sanskrit Literature, by Dr. Keith, p.266) ਅਤੇ ਜਿਸ ਦੇ ਕਿ ਸੱਤ ਲੱਖ ਲੋਕ ਸ਼ਲੋਕ ਸਨ, ਜਿੰਨਾਂ ਦਾ ਕਿ ਭੋਰ ਚੋਰ, ਕਸ਼ੇਮੇਂਦਰ ਦੀ ਬ੍ਰਹਮਕਥਾਮੰਜਰੀ (1063-66 A.D) ਤੇ ਸੋਮਦੇਵ ਦੀ ਕਥਾ ਸਰਿਤ ਸਾਗਰ (1081 A.D.) ਹਨ, ਦੀ ਸਾਹਿੱਤਕ ਬਣਤਰ ਇਵੇਂ ਹੀ ਹੈ ਕਿ ਇੱਕ ਵੱਡੀ ਕਹਾਣੀ ਆਰੰਭ ਕਰ ਕੇ ਬਾਕੀ ਅਨੇਕ ਕਹਾਣੀਆਂ ਉਸ ਵਿੱਚ ਪਾਈ ਗਏ। ਕਥਾ ਸਰਿਤ ਸਾਗਰ ਦੀ ਵੈਤਾਲਪੰਚਵਿਸਤੀ ਅਤੇ ਵਿਸ਼ਨੂੰ ਸ਼ਰਮਾ ਦੇ ਪੰਚਤੰਤ੍ਰ ਵਿੱਚ ਇਹੋ ਪਰਪਾਟੀ, ਇੱਕ ਕਹਾਣੀ ਨਾਲ ਅਨੇਕ ਵਿਲੋਕਤ੍ਰੀਆਂ ਕਹਾਣੀਆਂ ਟੁੰਗ ਦੇਣ ਦੀ, ਵਰਤੀ ਗਈ ਹੈ ਤੇ ਇਥੋਂ ਹੀ ਅਰਬੀ ਲਿਖਾਰੀਆਂ ਨੇ ਮਾਂਗਵੀ ਲੈ ਕੇ ਅਲਫ਼ ਲੈਲਾ ਆਦਿ ਪੁਸਤਕਾਂ ਵਿੱਚ ਵਰਤੀ ਹੈ, ਜਿਥੋਂ ਕਿ ਇਹ ਸਾਰੇ ਯੂਰਪ ਵਿੱਚ ਫੈਲੀ। ਪਰ ਦਸਮ ਗ੍ਰੰਥ ਦੇ ਤ੍ਰਿਯਾਚਰਿਤ੍ਰ ਵਾਲਾ ਉਪਰੋਕਤ ਮਨੋਬ੍ਰਿਤੀ ਗੋਹਯ ਰਹੱਸਯ ਹੋਰ ਕਿਤੇ ਨਹੀਂ ਹੈ।
ਦੂਜੀ ਗੱਲ ਕਥਨ ਕਰਨ ਯੋਗ ਇਹ ਹੈ ਕਿ ਇਹੋ ਮਾਤਾ-ਪੁੱਤਰ ਵਿਭਚਾਰ ਦੀ ਕਹਾਣੀ ਅਨੇਕਾਂ ਢੰਗਾਂ ਨਾਲ, ਸਮਾ ਬਦਲ ਕੇ, ਅਸਾਡੇ ਦੇਸ਼ ਦੀਆਂ ਅਨੇਕ ਭਾਸ਼ਾਵਾਂ ਵਿੱਚ ਵਰਨੀ ਹੋਈ ਹੈ, ਜਿਹਾ ਕਿ ਉੜੀਆ ਤੇ ਤਾਮਿਲ ਵਿੱਚ। ਪੰਜਾਬੀ ਵਿੱਚ ਪੂਰਨ ਭਗਤ ਦੀ ਕਹਾਣੀ ਇਸੇ ਵਾਰਤਾ ਦਾ ਸਪੱਸ਼ਟ ਨਕਸ਼ ਹੈ :
ਅਲਫ਼, ਆਖ ਸਾਖੀ, ਸਿਆਲਕੋਟ ਅੰਦਰ, ਪੂਰਨ ਪੁੱਤ ਸਲਵਾਨ ਦੇ ਜਾਇਆ ਏ।।
ਇਹ ਦੋ ਗੱਲਾਂ ਤੇ ਇੱਕ ਹੋਰ ਤੀਜੀ ਗੱਲ, ਅਸਾਡੇ ਦੇਸ਼ ਦੇ ਲੋਕ-ਸਾਹਿਤ ਅਤੇ ਗ੍ਰੰਥ-ਸਾਹਿਤ ਬਾਰੇ ਨਾ ਸਮਝਣ ਦੇ ਕਾਰਨ ਹੀ, ਅਨੇਕ ਲੋਕਾਂ ਵਿੱਚ ਅਤੇ ਸਰਦਾਰ ਰਾਮ ਪ੍ਰਕਾਸ਼ ਸਿੰਘ ਜਿਹੇ ਵਿਦਵਾਨਾਂ ਵਿੱਚ ਭੀ ਇਹ ਹਾਨੀਕਾਰਕ ਭੁਲੇਖਾ ਪ੍ਰਚਲਿਤ ਹੋ ਗਿਆ ਹੈ ਕਿ ਦਸਮ ਗ੍ਰੰਥ ਦੇ ਤ੍ਰਿਯਾਚਰਿਤ੍ਰ ਵਿੱਚ ਬਿਆਨੀ ਹੋਈ ਰੂਪਕੋਇਰ ਦੀ ਕਹਾਣੀ, ਗੁਰੂ ਗੋਬਿੰਦ ਸਿੰਘ, ਤ੍ਰਿਯਾਚਰਿਤ੍ਰ ਦੇ ਕਰਤਾ ਦੀ ਸਵੈ-ਜੀਵਨੀ ਤੇ ਇਤਿਹਾਸ ਦਾ ਭਾਗ ਹੈ। ਇਹ ਤੀਜਾ ਕਾਰਨ, ਅੱਗੇ ਚੱਲ ਕੇ, ਰੂਪ ਕੌਰ ਦੀ ਕਹਾਣੀ ਦੀ ਚੀਰ-ਫਾੜ ਕਰਨ ਵੇਲੇ ਦੱਸਾਂਗੇ। ਕਹਾਣੀ ਇਉਂ ਚੱਲਦੀ ਹੈ ਕਿ ਜਿਸ ਵੇਲੇ ਚਿੱਤਰ ਸਿੰਘ ਦਾ ਮੰਤਰੀ ਉਸ ਨੂੰ ਵੀਹ ਤ੍ਰਿਯਾਚਰਿਤ੍ਰ ਸੁਣਾ ਚੁੱਕਾ ਤਾਂ :
ਰੀਝ ਰਾਇ ਐਸੇ ਕਹਯੋ ਬਚਨ ਮੰਤ੍ਰਿਯਨ ਸੰਗ ।। ਪੁਰਖ ਤ੍ਰਿਯਨ ਚਤੁਰਨ ਚਰਿਤ ਮੋ ਸੋ ਕਹੁ ਪ੍ਰਸੰਗ ।।
ਰਾਜਾ ਕਹਿਣ ਲੱਗਾ ਕਿ ਹੁਣ ਕੋਈ ਐਸੀ ਕਹਾਣੀ ਸੁਣਾਓ, ਜਿਸ ਵਿੱਚ ਪੁਰਸ਼ ਨੇ ਇਸਤਰੀ ਨਾਲ ਚਰਿਤ੍ਰ ਖੇਡਿਆ ਹੋਵੇ। ਤਦ ਮੰਤਰੀ ੨੧ਵੀਂ ਅਤੇ ੨੨ਵੀਂ ਕਹਾਣੀ ਤ੍ਰਿਯਾਚਰਿਤ੍ਰ ਦੀ ਸੁਣਾ ਕੇ, ਉਸ ਕਹਾਣੀ ਦਾ ਅੰਤ ੨੩ਵੀਂ ਕਹਾਣੀ ਤੇ ਕਰਦਾ ਹੈ, ਜਿਸ ਵਿੱਚ ਕਿ ਪੁਰਖ ਚਲਾਕੀ ਨਾਲ ਇਸਤਰੀ ਨੂੰ ਮਾਤ ਦੇ ਦਿੰਦਾ ਹੈ ਅਤੇ ਇਹ ੨੩ਵੀਂ ਕਹਾਣੀ, ਇਤਿ ਸ਼ੀ ਚਰਿਤ੍ਰ ਪਖਯਾਨੇ ਤ੍ਰਿਯਾਚਰਿਤ੍ਰੇ ਮੰਤਰੀਭੂਪ ਸੰਬਾਦੇ.....।
ਇਹ ੨੧ਵੀਂ, ੨੨ਵੀਂ ਤੇ ੨੩ਵੀਂ ਕਹਾਣੀ ਹੀ ਰੂਪ ਕੋਅਰ ਦਾ ਕਿੱਸਾ ਹੈ ਜਿਸ ਨੂੰ ਸ਼ਰਧਾਪੂਰਤ ਪਰ ਸਾਹਿਤ ਰਚਨਾ ਦੇ ਰੂਪਾਂਤਰਾਂ ਤੋਂ ਅਣਜਾਣ ਸਿੱਖ, ਗੁਰੂ ਗੋਬਿੰਦ ਸਿੰਘ, ਕਰਤਾ ਤ੍ਰਿਯਾਚਰਿਤ੍ਰ ਦੀ ਸਵੈ-ਜੀਵਨੀ ਇਤਿਹਾਸ ਸਮਝ ਲੈਂਦੇ ਹਨ ਅਤੇ ਪੁਸਤਕ ਕਰਤਾ ਜੋ ਮੁੜ-ਮੁੜ ਚਰਿਤ੍ਰ ਪਖਯਾਨੇ ਭੂਪ ਮੰਤ੍ਰੀ ਸੰਬਾਦੇ ਦਾ ਹੋਕਾ ਦੇਈ ਜਾਂਦਾ ਹੈ, ਪਰ ਉਸ ਨੂੰ ਅਣਡਿੱਠ ਕਰੀ ਜਾਂਦੇ ਹਨ।
ਇਹ ਤਿੰਨੇ ਕਹਾਣੀਆਂ, ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਨ੍ਹਾਂ ਦਾ ਇਤਿਹਾਸਿਕ ਪਾਤ੍ਰ ਮੰਨੀਏ ਤਾਂ ਸਪੱਸ਼ਟ ਅਜਿਹੀਆਂ ਹਨ, ਜਿੰਨ੍ਹਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦੀ ਭਰਪੂਰ ਨਿਰਾਦਰੀ ਹੁੰਦੀ ਹੈ ਅਤੇ ਉਨ੍ਹਾਂ ਦਾ ਚਰਿਤ੍ਰ, ਜੋ ਇਨ੍ਹਾਂ ਕਹਾਣੀਆਂ ਨੂੰ ਇਤਿਹਾਸਿਕ ਘਨਨਾ ਮੰਨਣ ਕਾਰਨ ਉੱਘੜਦਾ ਹੈ, ਉਹ ਕੋਈ ਉਤੇਜਨਾ-ਜਨਕ (Inspiring) ਨਹੀ ਅਤੇ ਨਾ ਹੀ ਉਹ ਗੁਰੂ ਮਹਾਰਾਜ ਦੇ ਪ੍ਰਮਾਣੀਕ ਜੀਵਨ ਚਰਿਤ੍ਰ ਨਾਲ ਮੇਲ ਖਾਂਦਾ ਹੈ।
ਫੇਰ, ਕਿਉਂ ਕਈ ਸਿੱਖ ਇਨ੍ਹਾਂ ਤਿੰਨਾਂ ਕਹਾਣੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਵਾਸਤਵਿਕ ਇਤਿਹਾਸ ਮੰਨਦੇ ਹਨ ਅਤੇ ਕਿਉਂ ਪ੍ਰੋਫ਼ੈਸਰ ਰਾਮ ਪ੍ਰਕਾਸ਼ ਸਿੰਘ ਜੀ ਜਿਹੇ ਵਿਦਵਾਨ ਭੀ ਇਸੇ ਹਾਨੀਕਾਰਕ ਭੁਲੇਖੇ ਵਿੱਚ ਪਏ ਹੋਏ ਹਨ ?
ਇਸ ਦੇ ਦੋਂਹ ਕਾਰਨਾਂ ਬਾਬਤ ਉੱਤੇ ਕਹਿ ਆਏ ਹਾਂ : (੧) ਤ੍ਰਿਯਾਚਰਿਤ੍ਰ ਲੌਕਿਕ ਸਾਹਿਤ ਹੈ...। ਇਹ ਲੌਕਿਕ ਗ੍ਰੰਥ (Secular fiction) ਇੱਕ ਬੜੇ ਮਹਾਨ ਇਤਿਹਾਸਕ ਤੇ ਸਾਹਿਤਕ ਪਿਛੋਕੜ ਦੀ ਹਾਮਲ ਹੈ ਅਤੇ ਇਸ ਲਈ ਇਹ ਨਿਜਕ੍ਰਿਤ (Self-composed) ਤਾਂ ਹੈ, ਪਰ ਸਵੈ-ਕ੍ਰਿਤ (Original writing) ਨਹੀ ਹੈ। ਇਸ ਦੀਆਂ ਕਹਾਣੀਆਂ ਤੇ ਕਥਾ-ਵਸਤੂ ਅਸਾਡੇ ਦੇਸ਼ ਦੇ ਹਜ਼ਾਰਾਂ ਵਰ੍ਹੇ ਪੁਰਾਣੇ ਲੋਕ-ਸਾਹਿਤ ਲੋਕ-ਵਾਰਤਾ ਅਤੇ ਗ੍ਰੰਥ ਸਾਹਿਤ ਵਿੱਚੋਂ ਮਾਂਗਵਾ ਲਿਆ ਗਿਆ ਹੈ। (੨) ਤ੍ਰਿਯਾਚਰਿਤ੍ਰ ਦੀ ਰਚਨਾ ਸ਼ੈਲੀ (Literary form) ਭੀ ਇਵੇਂ ਹੀ ਪ੍ਰਾਚੀਨ ਤੇ ਮਾਂਗਵੀ ਹੈ ਜਿਵੇਂ ਕਿ ਇਸ ਦੀ ਕਥਾ-ਵਸਤੂ। ਇਨ੍ਹਾਂ ਦੋਹਾਂ ਗੱਲਾਂ ਨਾਲ ਭਲੀ-ਭਾਂਤੀ ਵਾਕਫ਼ੀ, ਪਰਿਚੈ ਨਾ ਹੋਣਾ ਹੀ ਕਾਰਨ ਇਸ ਭੁਲੇਖੇ ਦਾ ਹੈ ਕਿ ਗੁਰੂ ਕ੍ਰਿਤ ਰਚਨਾ ਅਵੱਸ਼ ਗੁਰਬਾਣੀ ਯਾ ਗੁਰਵਾਕ ਹੀ ਹੋ ਸਕਦਾ ਹੈ, ਲੌਕਿਕ ਸਾਹਿਤ (Secular fiction) ਨਹੀਂ। ਇੱਕ ਹੋਰ ਤੀਜੇ ਕਾਰਨ ਨੇ, ਜਿਸ ਦਾ ਕਿ ਸੰਬੰਧ ਭੀ ਸਾਹਿਤ ਕਲਾ ਭੇਦਾਂ (Literary techniques) ਨਾਲ ਹੈ, ਇਸ ਭੁਲੇਖੇ ਨੂੰ ਪ੍ਰਪੱਕ ਕੀਤਾ ਹੈ। ਉਹ ਹੈ ਸਾਹਿਤ ਲਿਖਾਰੀ ਦਾ ਆਪਣੀ ਰਚਨਾ ਵਿੱਚ ਸਥਾਨਕ ਰੰਗ ਭਰਨ ਦਾ ਗੁਣ। ਹਰ ਪ੍ਰਕਾਰ ਦੇ ਕੋਮਲ ਹੁਨਰਾਂ ਦਾ ਅੰਤਮ ਨਿਸ਼ਾਨਾ ਇਹੋ ਹੁੰਦਾ ਹੈ ਕਿ ਕੋਮਲ ਰਚਨਾ (Artistic creation) ਦੁਆਰਾ ਅਜਿਹਾ ਰੂਪ ਵਿਦਮਾਨ ਕੀਤਾ ਜਾਵੇ, ਜਿਸ ਨਾਲ ਦਰਸ਼ਕ ਨੂੰ ਸਰਵਤ੍ਰ, ਸਤਯ ਦਾ ਭੁਲੇਖਾ ਪਵੇ। ਮਨੋਕਲਪਿਤ ਵਾਸਤਵ-ਨਿਰਧਾਰ ਰਚਨਾ ਇਉਂ ਦਿੱਸ ਆਵੇ ਕਿ ਇਹ ਸਵਤਾਹ ਸਤਯ ਹੈ, ਐਵੇਂ ਕਥਨੀ ਮਾਤਰ ਮਾਯਾਧਾਰ ਦ੍ਰਿਸ਼ ਰੂਪ ਨਹੀ। ਜਿਸ ਹੱਦ ਤੱਕ ਕਲਾਕਾਰ ਇਹ ਇੰਦ੍ਰਜਾਲ ਰਚਨ ਵਿੱਚ ਸਫਲ ਹੁੰਦਾ ਹੈ, ਉਸ ਹੱਦ ਤੱਕ ਉਸ ਦੀ ਕਲਾ ਤੇ ਕ੍ਰਿਤ ਕਾਮਯਾਬ ਕਹੀ ਜਾਂਦੀ ਹੈ।
ਗੁਰੂ ਗੋਬਿੰਦ ਸਿੰਘ ਜੀ, ਜਿਥੇ ਗੁਰੂ ਅਵਤਾਰ, ਜਨਮ ਤੋਂ ਸਰਵਸਿਧਿ ਦੇ ਧਾਰਣੀ, ਮੁਕੰਦ ਤੇ ਮੁਕਤੀ ਪੱਥ ਦਰਸ਼ਕ ਜਯੋਤੀ ਤੇ ਗੁਰਬਾਣੀ ਦੇ ਪੈਗੰਬਰ ਸਨ, ਉਥੇ ਇੱਕ ਮਹਾਨ ਕਲਾਕਾਰ ਤੇ ਧੁਰੰਧਰ ਵਿਦਵਾਨ ਭੀ ਸਨ। ਉਹ ਜਾਣਦੇ ਸਨ ਕਿ ਮਾਯਾ-ਚਰਿਤ੍ਰ ਤੇ ਰੂਪ ਨਿਰਮਿਤ ਕਰਨਾ, ਜਿਨ੍ਹਾਂ ਤੋਂ ਕਿ ਵਾਸਤਵਿਕ ਸੱਤਯ ਦਾ ਅਤੁੱਟ ਭੁਲੇਖਾ ਪਵੇ, ਇਹੋ ਉੱਚੀ ਕਲਾ ਦਾ ਆਸ਼ਾ ਹੈ। ਤਾਹੀਉਂ ਤਾਂ ਗੁਰੂ ਨੇ ਕਲਾਕਾਰ ਦੀ ਪ੍ਰਤਿਭਾ ਬਾਰੇ ਕਿਹਾ ਹੈ ਕਿ ਤੁਹੀ ਜੋਗ ਮਾਯਾ ਤੁਹੀ ਬਾਕ ਬਾਨੀ। ਇਸ ਆਸ਼ਾ ਪੂਰਤੀ ਲਈ ਕਲਾਕਾਰ ਆਪਣੀ ਰਚਨਾ ਵਿੱਚ ਸਥਾਨਿਕ ਤੇ ਇਤਿਹਾਸਕ ਰੰਗ ਭਰਦੇ ਹਨ, ਤਾਂ ਜੁ ਉਨ੍ਹਾਂ ਦੀ ਰਚਨਾ ਆਪਣੇ ਅੰਤਿਮ ਆਸ਼ੇ ਵਿੱਚ ਸਫਲ ਹੋਵੇ। ਪਿੱਛੇ, ਜੋ ਕਾਦਰਯਾਰ ਦੀ ਸੀਹਰਫ਼ੀ ਦੀ ਤੁਕ ਦਿੱਤੀ ਹੈ, ਅਲਫ਼, ਆਖ ਸਾਖੀ, ਸਿਆਲਕੋਟ ਅੰਦਰ, ਪੂਰਨ ਪੁੱਤ ਸਲਵਾਨ ਦੇ ਜਾਇਆ ਏ। ਇਸ ਵਿੱਚ ਸਿਆਲਕੋਟ, ਪੂਰਨ ਤੇ ਸਾਲਵਾਹਨ ਸਥਾਨਿਕ, ਵਾਸਤਵਿਕ ਤੇ ਇਤਿਹਾਸਕ ਰੰਗ ਕਵੀ ਨੇ ਭਰੇ ਹਨ। ਸਿਆਲਕੋਟ ਪੰਜਾਬ ਦਾ ਪ੍ਰਸਿੱਧ ਨਗਰ ਹੈ ਤੇ ਕਾਦਰਯਾਰ ਦੀ ਸੀਹਰਫ਼ੀ ਪੰਜਾਬੀ ਵਿੱਚ ਪੰਜਾਬੀਆਂ ਲਈ ਲਿਖੀ ਗਈ। ਇਸ ਤਰ੍ਹਾਂ ਮਾਤ-ਪੁੱਤਰ ਵਿਭਚਾਰ ਦੀ ਇਸ ਵਿਸ਼ਵ ਪ੍ਰਚਲਿਤ ਪ੍ਰਾਚੀਨ ਕਹਾਣੀ ਦੇ ਭਾਰਤੀ ਰੂਪਾਂਤਰ ਨੂੰ ਸਥਾਨਿਕ ਪਿਛੋਕੜ ਕਵੀ ਨੇ ਦੇ ਦਿੱਤਾ ਹੈ। ਪੂਰਨ ਨਾਮ ਵਾਸਤਵਿਕ ਰੰਗ ਹੈ, ਕਿਉਂਕਿ ਇਹ ਇੱਕ ਆਮ ਪੰਜਾਬੀ ਨਾਮ ਹੈ ਅਤੇ ਸਾਲਵਾਹਨ ਰਾਜਾ ਭਾਰਤੀ ਇਤਿਹਾਸ ਵਿੱਚ ਹੋਇਆ ਤਾਂ ਹੈ, ਪਰ ਸਿਆਲਕੋਟ ਉਸ ਦੀ ਰਾਜਧਾਨੀ ਨਹੀ ਸੀ ਅਤੇ ਨਾ ਉਸ ਦਾ ਨਿਵਾਸ ਅਸਥਾਨ, ਐਵੇਂ ਰਾਜ ਪ੍ਰਬੰਧਕ ਕੇਂਦਰ ਸੀ, ਜਿਵੇਂ ਪਿਸ਼ੌਰ ਮਹਾਰਾਜਾ ਰਣਜੀਤ ਸਿੰਘ ਦਾ ਸੀ, ਪਰ ਕਾਦਰਯਾਰ ਦਾ ਮੰਤਵ ਕੇਵਲ ਇਸ ਜਗਤ ਪ੍ਰਸਿੱਧ ਤੇ ਵਿਸ਼ਵ ਪ੍ਰਚਲਿੱਤ ਕਿੱਸੇ ਨੂੰ ਇਤਿਹਾਸਕ ਰੰਗ ਦੇਣਾ ਸੀ ਤਾਂ ਜੁ ਉਸ ਦੀ ਕਾਵਿ ਰਚਨਾ ਮਾਯਾ-ਜਾਲ ਅਸਲੀ ਹੋ ਭਾਸੇ, ਜੋ ਕਿ ਹਰ ਕਲਾ ਦਾ ਮੁੱਖ ਮੰਤਵ ਹੈ। ਇਸ ਤੋਂ ਇਹ ਅਨੁਮਾਨਣਾ ਕਿ ਮਹਾਰਾਜਾ ਸਾਲਵਾਹਨ, ਜਿਸ ਤੋਂ ਕਿ ਅੱਜ ਤੋਂ ੧੮੮੦ ਵਰ੍ਹੇ ਪਹਿਲੋਂ ਸ਼ਾਕਾ ਸੰਮਤ ਆਰੰਭ ਹੋਇਆ ਅਤੇ ਜਿਸ ਦੀ ਰਾਜਧਾਨੀ ਪ੍ਰਤਿਸ਼ਠਾਣ (ਦੱਖਣ) ਸੀ, ਉਹ ਸਿਆਲਕੋਟ ਵਿੱਚ ਰਹਿੰਦਾ ਸੀ ਤੇ ਲੂਣਾ ਚਮਿਆਰੀ ਵਿਆਹ ਲਿਆਇਆ ਸੀ, ਇੱਕ ਭਾਰੀ ਭੁੱਲ ਹੋਵੇਗੀ ਤੇ ਅਨੁਮਾਨਣ ਵਾਲੇ ਦੀ ਅਵਿੱਦਿਆ ਦਾ ਸਬੂਤ ਭੀ।
ਤ੍ਰਿਯਾਚਰਿਤ੍ਰ ਦੀ ੨੧ਵੀਂ, ੨੨ਵੀਂ ੨੩ਵੀਂ ਸਾਖੀ ਵਿੱਚ, ਇਸ ਗ੍ਰੰਥ ਦੇ ਕਰਤਾ, ਗੁਰੂ ਗੋਬਿੰਦ ਸਿੰਘ ਜੀ ਨੇ ਸਥਾਨਿਕ ਤੇ ਵਾਸਤਵਿਕ ਰੰਗ, ਉਨਾਰ ਪੂਰਤੀ ਆਸ਼ੇ ਨੂੰ ਮੁੱਖ ਰੱਖ ਕੇ ਭਰਿਆ ਹੈ, ਉਸ ਤੋਂ ਹੀ ਅਣਜਾਨ ਆਦਮੀ ਭੁਲੇਖਾ ਖਾ ਕੇ ਇਉਂ ਅਨੂਮਾਨਦੇ ਹਨ ਕਿ ਕਰਤਾ ਆਪਣੇ ਜੀਵਨ ਦੀ ਇਤਿਹਾਸਕ ਘਟਨਾ ਬਿਆਨ ਕਰ ਰਿਹਾ ਹੈ। ਦਸਮ ਗੁਰੂ ਮਹਾਰਾਜ ਦੀ ਬਹੁਪੱਖੀ ਸ਼ਖਸ਼ੀਅਤ ਨੇ ਇਸ ਬੱਜਰ ਭੁਲੇਖੇ ਨੂੰ ਹੋਰ ਪ੍ਰਪੱਕ ਕੀਤਾ ਹੈ, ਜਿਸ ਕਾਰਨ ਕਿ ਸ਼ਰਧਾ ਯੁਕਤ ਸਿੱਖ ਇਉਂ ਸਮਝਦੇ ਹਨ ਕਿ ਇਹ ਵਾਕ ਗੁਰੂ ਦੇ ਹਨ ਅਤੇ ਇਸ ਲਈ ਹਰ ਪਹਿਲੂ ਤੋਂ ਤਿੰਨ ਕਾਲ ਸੱਤਯ ਹਨ।
ਇਹ ਹੈ ਤੀਜਾ ਕਾਰਨ, ਪ੍ਰੋਫੈਸਰ ਰਾਮ ਪ੍ਰਕਾਸ਼ ਜੀ ਵਰਗੇ ਵਿਦਵਾਨਾਂ ਦਾ ਇਸ ਭੁਲੇਖੇ ਵਿੱਖ ਫਸ ਜਾਣ ਦਾ ਕਿ ਰੂਪ ਕੌਰ ਦੀ ਕਹਾਣੀ, ਇਸ ਦੇ ਕਰਤਾ ਦੇ ਜੀਵਨ ਦੀ ਇਤਿਹਾਸਕ ਘਟਨਾ ਹੈ, ਮਨੋਕਲਪਤ ਵਾਰਤਾ ਨਹੀ। ਉਹ ਸਾਹਿਤ ਕਲਾ ਭੇਦ (literary technique) ਨੂੰ ਯਥਾਰਥ ਵਰਣਨ ਸਮਝਣ ਦੀ ਭੁੱਲ ਕਰਦੇ ਹਨ।
ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਾਹਿਤ ਕਲਾ ਦੇ ਭੇਦ ਨੂੰ ਇੰਨ੍ਹਾਂ ਤਿੰਨ ਚਰਿਤ੍ਰਾਂ, ੨੧,੨੨, ਤੇ ੨੩ ਵਿੱਚ ਐਸੀ ਚਤੁਰਤਾ ਨਾਲ ਵਰਤਿਆ ਹੈ ਕਿ ਸਾਧਾਰਣ ਪੁਰਸ਼ ਦਾ ਭੁਲੇਖਾ ਖਾ ਜਾਣਾ ਅਚੰਭੇ ਦੀ ਗੱਲ ਨਹੀ ਭਾਸਦੀ। ਤਾਂ ਹੀ ਤਾਂ ਗੁਰੂ ਜੀ ਨੇ ਆਪ ਇਸ ਰਚਨਾ ਬਾਰੇ ਕਿਹਾ ਹੈ ਕਿ ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ। ਇਹ ਭਾਵ ਕਿ ਤ੍ਰਿਯਾਚਰਿਤ੍ਰ ਦੇ ਕਥਾ-ਵਸਤੂ ਨੂੰ ਬੜੇ ਗੌਹ ਨਾਲ, ਚਿੰਤ ਲਾਇ, ਵਿਚਾਰੋ ਤਾਂ ਭੇਦ ਖੁੱਲ੍ਹਣਗੇ, ਜਿਸ ਨਾਲ ਪਾਠਕ ਦੀ ਬੁੱਧੀ ਦੀ ਤੀਕਸ਼ਣਤਾ ਵਿੱਚ ਵਾਧਾ ਹੋਵੇਗਾ।
ਤੀਰ ਸੱਤੁਦ੍ਰਵ ਕੇ ਹੁਤੋ ਪੁਰ ਅਨੰਦ ਇੱਕ ਗਾਂਉਂ।। ਨੇਤ੍ਰ ਤੁੰਗ ਕੇ ਢਿਗ ਬਸਤ ਕਾਹਲੂਰ ਕੇ ਠਾਉ।।
ਇਹ, ਸਤਲੁਜ ਦੇ ਕੰਢੇ ਨੈਣਾ ਦੇਵੀ ਦੇ ਟਿੱਲੇ ਕੋਲ, ਕਾਹਲੂਰ ਰਾਜ ਵਿੱਚ ਅਨੰਦਪੁਰ ਨਾਮੀ ਪਿੰਡ ਉਹੋ ਹੈ, ਜੋ ਭੰਗਾਣੀ ਦੇ ਯੁੱਧ ਉਪ੍ਰਾਂਤ ਦਸਮ ਪਾਤਸ਼ਾਹ ਨੇ ਆਣ ਵਸਾਇਆ ਸੀ :
ਕਾਹਲੂਰ ਮੈ ਬਾਂਧਿਯੋ ਆਨ ਅਨੰਦਪੁਰ ਗਾਵ।।
ਹੁਣ ਅਜਿਹੇ ਮਹਾਨ ਤੇ ਪ੍ਰਸਿੱਧ ਨਗਰ ਵਿੱਚ ਵਾਪਰੀ ਘਟਨਾ ਤ੍ਰਿਯਾਚਰਿਤ੍ਰ ਦਾ ਕਰਤਾ ਵਰਣਨ ਕਰਨ ਲੱਗਾ ਹੈ ਤਾਂ ਕਿਹੜਾ ਪਾਠਕ ਅਤੇ ਸ੍ਰੋਤਾ ਹੈ ਜੋ ਆਪਣੀਆਂ ਬਿਰਤੀਆਂ ਇਕਾਗਰ ਕਰਕੇ, ਹਿੱਤ ਚਿੱਤ ਲਾ ਕੋ ਨਾ ਸੁਣੇਗਾ ? ਬਸ, ਇਹੋ ਨਿਸ਼ਾਨਾ ਸੀ ਕਰਤਾ ਦਾ, ਪਾਠਕਾਂ ਸ੍ਰੋਤਿਆਂ ਦਾ ਧਿਆਨ ਇਕਾਗਰ ਕਰ ਲੈਣ ਦਾ ਤੇ ਇਸ ਵਿੱਚ ਉਹ ਸਫਲ ਹੋਇਆ ਹੈ। ਹੋਰ ਇਸ ਤੋਂ ਅੱਗੇ ਕਹੀ ਜਾਣ ਵਾਲੀ ਕਹਾਣੀ ਦਾ ਅਨੰਦਪੁਰ, ਖਾਲਸੇ ਦੀ ਜਨਮਭੂਮੀ ਦੀ ਤਾਰੀਖ ਨਾਲ, ਕੋਈ ਸਿੱਧਾ ਯਾ ਅਸਿੱਧਾ ਸੰਬੰਧ ਨਹੀ ਹੈ ?
ਏਕ ਤ੍ਰਿਯਾ ਧਨਵੰਤ ਕੀ ਮੌਨ ਨਗਰ ਮੈ ਆਨਿ।। ਹੋਰਿ ਰਾਇ ਪੀੜਤ ਭਈ ਬਿਧੀ ਬਿਰਹਾ ਕੇ ਬਾਨ।।
ਕਿਸੇ ਅਮੀਰ ਆਦਮੀ ਦੀ ਵਹੁਟੀ, ਜਿਸ ਦੇ ਪਤੀ ਨੂੰ ਕਿ ਦਫ਼ਤਰ ਵਾਲਿਆਂ ਨੇ ਛੁੱਟੀ ਨਹੀ ਦਿੱਤੀ ਹੋਵੇਗੀ, ਅਨੰਦਪੁਰ ਆਈ ਤੇ ਉਥੋਂ ਦੇ ਰਾਇ ਨੂੰ ਦੇਖਦੇ ਸਾਰ ਮੋਹਤ ਤੇ ਬ੍ਰਿਹਾ ਵਿੱਚ ਬਿਹਬਲ ਹੋ ਗਈ। ਆਪਣੇ ਨੌਕਰਾਂ ਨੂੰ ਕਹਿਣ ਲੱਗੀ, ਜਿਵੇਂ ਕਿਵੇਂ ਹੋਵੇ, ਇਸ ਰਾਜੇ ਨੂੰ ਮੇਰੇ ਘਰ ਲੈ ਆਓ, ਨਗਰ ਰਾਇ ਤੁਮਰੋ ਬਸਤ ਤਾਹਿ ਮਿਲਾਵਹੁ ਮੋਹਿ। ਉਸ ਤੀਵੀਂ, ਜਿਸ ਦਾ ਨਾਮ ਕਿ ਰੂਪ ਕੌਰ ਸੀ, ਯਾ ਂਜੋ ਸ਼ਹਿਜਾਦੀਆਂ ਵਰਗੀ ਰੂਪਵਤੀ ਸੀ, ਦੇ ਨੌਕਰ ਰਾਜੇ ਨੂੰ ਕਹਿਣ ਲੱਗੇ, ਜੇ ਤੂੰ ਮੰਤਰ ਸਿੱਖਣਾ ਚਾਹੁੰਦਾ ਹੈ, ਜਿਸ ਦੀ ਕਿ ਤੂੰ ਢੂੰਡ ਵਿੱਚ ਹੈ, ਤਾਂ ਜਿਵੇਂ ਅਸੀਂ ਕਹੀਏ ਤੇ ਜਿਥੇ ਕਹੀਏ, ਓਥੇ ਚੱਲ। ਜਿਸ ਗੁਰੂ-ਘਰ ਦੀ ਸਿੱਖਿਆ ਹੈ ਕਿ :
ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ।।
ਉਹ ਗੁਰੂ ਇਹ ਰਾਇ ਕਿਵੇਂ ਹੋ ਸਕਦਾ ਹੈ, ਸਿਦਕਵਾਨ ਸਿੱਖ ਇਉਂ ਵਿਚਾਰਨ। ਖੈਰ ਰਾਇ ਸਾਹਿਬ ਸਾਧੂ ਦਾ ਭੇਸ ਬਣਾ ਕੇ ਰਾਤ੍ਰੀ ਦੇ ਸਮੇਂ ਰੂਪ ਕੌਰ ਦੇ ਡੇਰੇ ਤੇ ਪੁੱਜ ਗਏ, ਤਾਂ ਇਸ ਦੇ ਮਨ ਦੀ ਮੁਰਾਦ ਪੂਰੀ ਹੋਈ ਜਾਣ, ਵਸਤਰ ਭੂਖਣ ਸਜਾ ਲਏ ਅਤੇ ਰਾਇ ਸਾਹਿ ਵਾਸਤੇ :
ਫੂਲ, ਪਾਨ ਅਰੁ ਕੈਫ ਮੰਗਾਯੋ।। ਆਗੇ ਟਰਿ ਤਾ ਕੋ ਤਿਨ ਲੀਨਾ।।
ਪਾਨ ਬਾਬਤ ਦਸਮ ਗੁਰੂ ਦਾ ਰਹਿਤਨਾਮਿਆਂ ਦੁਆਰਾ ਹੁਕਮ ਹੈ ਕਿ ਸਿੱਖ ਹੋਇ ਕਰ ਪਾਨ ਖਾਏ ਸੋ ਭੀ ਤਨਖਾਹੀਆਂ ਪਰ ਇਸ ਕਹਾਣੀ ਦੇ ਪਾਤਰ ਨੇ ਅਗਾਂਹ ਵੱਧ ਕੇ, ਆਗੇ ਟਰਿ ਪਾਨ ਤੇ ਹਫ਼ੀਮ ਮਿਲੀ ਸ਼ਰਾਬ ਫੜ ਕੇ ਛਕ ਲਈ।
ਕੈਫ਼ ਛਕਿਆ ਹੋਇਆ ਹੋਵੇ, ਪਾਨ ਦਾ ਬੀੜਾ ਮੂੰਹ ਵਿੱਚ ਹੋਵੇ ਤੇ ਮੰਚ ਪੁਸ਼ਪ ਸਸ਼ੋਭਤ ਹੋਵੇ, ਤਾਂ ਤ੍ਰਿਯ ਇਉਂ ਨਾ ਕਹਿੰਦੀ ਤਾਂ ਹੋਰ ਕੀ ਕਰਦੀ ?
ਤਬ ਤਾ ਸੋ ਤ੍ਰਿਯ ਯੋ ਕਹੀ ਭੋਗ ਕਰਹੁ ਮੁਹਿ ਸਾਥ।।
ਰਾਇ ਸਾਹਿਬ ਐਵੇਂ ਹੈਰਾਨ ਪਏ ਹੁੰਦੇ ਹਨ ਕਿ :
ਮੰਤ੍ਰ ਲੈਨ ਆਯੋ ਹੁਤੋ ਭਈ ਔਰ ਕੀ ਔਰ।।
ਹੁਣ ਅੱਗੇ ਰਾਇ ਸਾਹਿਬ ਤੇ ਰੂਪ ਕੌਰ ਵਿਚਕਾਰ ਜੋਗੀ ਤੇ ਸਹਿਤੀ ਦੇ ਸੁਆਲ ਜੁਆਬ ਸ਼ੁਰੂ ਹੁੰਦੇ ਹਨ :
ਸੁਆਲ : ਕਹਯੋ ਤੁਹਾਰੋ ਮਾਨਿ ਭੋਗ ਤੋ ਸੋ ਨਹਿ ਕਰਿਹੋ। ਧਰਮਰਾਜ ਕੀ ਸਭਾ ਠੌਰ ਕੈਸੇ ਕਰਿ ਪਾਊਂ ?
ਜੁਆਬ : ਕਾਮਾਤੁਰ ਹੈ ਜੋ ਤ੍ਰਿਯਾ ਆਵਤ ਨਰ ਕੇ ਪਾਸ। ਰੁਹਾ ਨਰਕ ਸੋ ਡਾਰਿਯੈ, ਦੈ ਜੋ ਜਾਨ ਨਿਰਾਸ।
ਸੁਆਲ : ਪਾਇ ਪਰਤ ਮੋਰੋ ਸਦਾ ਪੂਜ ਕਹਤ ਹੈ ਮੋਹਿ। ਤਾ ਸੋ ਰੀਝ ਰਮਯੋ ਚਹਤ ਲਾਜ ਨ ਆਵਤ ਤੋਹਿ ?
ਜੁਆਬ : ਕ੍ਰਿਸ਼ਨ ਪੂਜ ਜਗ ਕੇ ਭਏ ਕੀਨੀ ਰਾਸਿ ਬਨਾਇ। ਭੋਗ ਰਾਧਿਕਾ ਸੋ ਕਰੇ ਪਰੇ ਨਰਕ ਨਹਿ ਜਾਇ।
ਗੱਲ ਕੀ, ਤ੍ਰਿਯ ਰੂਪੀ ਸਹਿਤੀ ਨੇ ਰਾਇ ਰੂਪੀ ਜੋਗੀ ਰਾਂਝੇ ਨੂੰ ਨਿਰੁਤ੍ਰ ਕਰ ਦਿੱਤਾ, ਇਉਂ ਕਹਿ ਕੇ :
ਪੰਚ ਤੱਤ ਲੈ ਬ੍ਰਹਮ ਕਰ ਕੀਨੀ ਨਰ ਕੀ ਦੇਹ।। ਕੀਯਾ ਆਪ ਹੀ ਤਿਨ ਬਿਖੈ ਇਸਤਰੀ ਪੁਰਖ ਸਨੇਹ।।
ਕਾਤਹਉਲਬੁਰਹਾਨ, ਸ਼ੰਕਾਸਮਾਧਾਨਕ ਸਤਿਗੁਰੂ ਗੋਬਿੰਦ ਸਿੰਘ ਜਿੰਨ੍ਹਾਂ ਉੱਤੇ ਉੱਕਤੀ-ਯੁਕਤੀ ਸੰਬਾਦ ਦੁਆਰਾ ਵਿਜੇ ਪਰਾਪਤ ਕਰਨ ਦੀ ਸ਼ਕਤੀ ਮ੍ਰਿਤੂ ਲੋਕ, ਦੇਵ ਤੇ ਪਾਤਾਲ ਲੋਕ ਵਿੱਚ, ਕਿਸੇ ਜੀਵ ਨੂੰ ਨਹੀ ਸੀ, ਜਿਨ੍ਹਾਂ ਦੀ ਦੁਪਹਿਰ ਦੇ ਸੂਰਜ ਵਤ ਤੇਜਮਈ ਕ੍ਰਾਂਤੀ ਵੱਲ ਕੋਈ ਝਾਕ ਨਹੀ ਸੀ ਸਕਦਾ, ਦੁਰਨਰਿੱਛ ਦਰਸ਼ਨ ਸਤਿਗੁਰੂ ਕੇ, ਇਹ ਵਿਚਾਰ ਕਰਨਾ ਯੋਗ ਹੈ।
ਰਾਇ ਸਾਹਿਬ ਨੂੰ ਜਕੋ-ਤੱਕਿਆਂ ਵਿੱਚ ਦੇਖ ਕੇ ਰੂਪ ਕੌਰ ਨੇ ਇੱਕ ਹੋਰ ਤੀਰ ਛੱਡਿਆ :
ਆਜੁ ਹਮਾਰੇ ਸਾਥ ਮਿੱਤ੍ਰ ਰੁਚਿ ਸੌ ਰਤਿ ਕਰਿਯੈ।। ਹੋ ਨਾ ਤਰ ਛਾਡੌ ਟਾਂਗ ਤਾਰੇ ਅਬਿ ਹੋਇ ਨਿਕਹਿਯੈ।।
ਨਹੀ ਤਾਂ ਮੇਰੇ ਨਾਲ ਭੋਗ ਕਰੋਯਾ ਮੰਨ ਲਓ, ਕਿ ਤੁਸੀ ਨਾ-ਮਰਦ ਹੋ ਤੇ ਮੇਰੀ ਟੰਗ ਹੇਠੋਂ ਨਿਕਲ ਜਾਓ। ਇਹ ਚੈਲੰਜ ਸੁਣ ਕੇ :
ਰਾਇ ਚਿੱਤ ਇਹ ਭਾਂਤਿ ਬਿਚਾਰੋ।। ਇਹਾਂ ਸਿੱਖ ਕੋਊ ਨ ਹਮਾਰੋ।। ਕਵਨ ਸਿੱਖਯ ਮੋਹਿ ਆਨਿ ਉਬਾਰੈ।।
ਇਥੇ ਤਾਂ ਕੋਈ ਸਿੱਖਯ ਨੇੜੇ ਨਹੀਂ ਜਿਹੜਾ ਮੈਂਨੂੰ ਬਚਾ ਲਵੇ, ਕੀ ਇਹ ਵਿਚਾਰ ਉਸ ਗੁਰੂ ਗੋਬਿੰਦ ਸਿੰਘ ਦੇ ਹਨ, ਜਿੰਨ੍ਹਾਂ ਬਾਬਤ ਕਿ ਕਿਹਾ ਹੈ :
ਜਾਹਿ ਸੰਗ੍ਰਾਮ ਬਾਰਤਾ ਹੋਇ, ਸ਼ਸਤ੍ਰ ਪ੍ਰਹਾਰਨ ਕਰਹਿ ਬਖਾਨ।। ਤਹ ਪ੍ਰਥਮ ਗਿਨਤੀ ਮਹਿ ਸਗਰੇ ਕਲਗੀਧਰ ਕੋ ਗਿਨਹ ਮਹਾਨ ?
ਸਰਲ ਸੁਭਾ ਸ਼ਰਧਾਲੂ ਸਿੱਖ ਇਉਂ ਨਹੀਂ ਵਿਚਾਰਦੇ। ਸਿੱਖਯ ਸ਼ਬਦ ਤੋਂ ਧੋਖਾ ਖਾ ਕੇ ਸਮਝਦੇ ਹਨ ਕਿ ਸਿੱਖ ਤਾਂ ਗੁਰੂ ਦੇ ਹੀ ਹੁੰਦੇ ਹਨ। ਸਿੱਖਯ ਸ਼ਬਦ ਇਥੇ ਨੌਕਰ, ਮੁਲਾਜ਼ਮ ਦੇ ਅਰਥਾਂ ਵਿੱਚ ਆਇਆ ਹੈ ਅਤੇ ਇਨ੍ਹਾਂ ਹੀ ਅਰਥਾਂ ਵਿੱਚ ਇਹ ਸਿੱਖਯ ਸ਼ਬਦ ਅੱਗੇ ਜਾ ਕੇ ਭੀ ਵਰਤਿਆ ਹੋਇਆ ਹੈ, ਜਿਥੇ ਕਿਹਾ ਹੈ ਕਿ ਰੂਪ ਕੌਰ ਨੇ ਚੋਰ-ਚੋਰ ਦਾ ਰੌਲਾ ਪਾ ਕੇ ਆਪਣੇ ਨੌਕਰ ਜਗਾ ਦਿੱਤੇ :
ਚੋਰ ਚੋਰ ਕਹਿ ਕੈ ਉਠੀ ਸਿੱਖਯਨ ਦਿਯੋ ਜਗਾਇ।।
ਕਬਿੳਬਾਚ ਬੇਨਤੀ ਚੌਪਈ, ਜੋ ਕਿ ਤ੍ਰਿਯਾਚਰਿਤ੍ਰ ਦਾ ਹੀ ਸਹਿਤਕ ਭਾਗ ਹੈ, ਵਿੱਚ ਭੀ ਸਿੱਖ ਸ਼ਬਦ, ਨੌਕਰਾਂ ਚਾਕਰਾਂ ਦੇ ਅਰਥ ਵਿੱਚ ਹੀ, ਇਸੇ ਲੇਖਕ ਗੁਰੂ ਸਾਹਿਬ ਨੇ ਵਰਤਿਆ ਹੈ :
ਸੁਖੀ ਬਸੈ ਮੋਰੋ ਪਰਿਵਾਰਾ।। ਸੇਵਕ ਸਿਖਯ ਸਭੈ ਕਰਤਾਰਾ।।
ਇਥੇ ਸਿੱਖ ਦੇ ਅਰਥ ਸਿੱਖ ਮਤ ਦਾ ਧਾਰਣੀ ਨਹੀਂ ਹਨ, ਨੌਕਰ ਚਾਕਰ, ਨਾਲ ਰਹਿ ਕੇ ਸੇਵਾ ਵਾਲੇ ਹਨ। ਐਸੇ ਅਰਥ ਭੇਦਾਂ ਬਾਬਤ ਹੀ ਕਿਹਾ ਹੈ ਕਿ :
ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ।।
ਜੇ ਤ੍ਰਿਯਾਚਰਿਤ੍ਰ ਵਰਗੇ ਗ੍ਰੰਥ-ਸਾਹਿਤ ਨੂੰ ਗੌਹ ਨਾਲ ਨਾ ਵੀਚਾਰੀਏ ਤਾਂ ਚਤੁਰਤਾ ਦੀ ਥਾਂ ਬੁੱਧੀ ਤੇ ਮਨ ਵਿੱਚ ਗਿਲਾਨੀ ਆਉਂਦੀ ਹੈ।
ਤ੍ਰਿਯਾਚਰਿਤ੍ਰ ਦੇ ਕਰਤਾ ਨੇ ਇਥੇ ਸਿੱਖਯ ਪਦ, ਬਹੁ ਭਾਵਾਰਥ ਵਾਚਕ ਭੀ ਜਾਣੁ-ਬੁੱਝ ਕੇ ਵਰਤਿਆ ਹੈ, ਤਾਂ ਜੁ ਇਹ ਕਹਾਣੀ ਅਰੰਭਣ ਵੇਲੇ, ਅਨੰਦਪੁਰ ਦਾ ਜ਼ਿਕਰ ਕਰਕੇ ਜਿਹੜਾ ਮਾਯਾ-ਜਾਲ ਤਣਿਆ ਸੀ, ਉਸ ਨੂੰ ਕੁਝ ਸਹਾਰਾ ਮਿਲੇ। ਕਥਾ ਦੇ ਇਸ ਥਾਂ ਤੇ ਆ ਕੇ ਇਸ ਸਹਾਰੇ ਦੀ ਲੋੜ ਢਾਡੀ ਵੱਧ ਗਈ ਸੀ, ਕਿਉਂਜੁ ਸਰਲ ਤਂੋ ਸਰਲ ਸੁਭਾ ਪਾਠਕ, ਸ੍ਰੋਤਾ ਭੀ ਇਥੇ ਆ ਕੇ ਚੇਤੰਨ ਹੋ ਉਠਦਾ ਹੈ, ਕਿ ਇਹ ਜੰਤਰ-ਮੰਤਰ ਲਈ ਭੇਸ ਬਦਲਣ ਵਾਲੀ ਹਸਤੀ, ਹੁੱਕੇ ਸ਼ਰਾਬਾਂ ਪੀਣ ਵਾਲਾ, ਅਵਾਰਾ ਤ੍ਰੀਮਤਾਂ ਦੇ ਪੰਜੇ ਵਿੱਚ ਫਸ ਜਾਣ ਵਾਲਾ, ਰਾਇ ਅਨੰਦਪੁਰਾਧੀਸ਼, ਗੁਰੂ ਨਹੀ ਹੋ ਸਕਦਾ। ਪਰ ਕਲਾ ਦੀ ਆਸ਼ਾ ਪੂਰਤੀ ਲਈ ਇਹ ਅਤਿ ਜਰੂਰੀ ਹੈ ਕਿ ਪਾਠਕ ਸ੍ਰੋਤੇ ਕਲਾ-ਕਾਵਿ ਦੇ ਮਾਯਾ-ਜਾਲ ਦੀ ਨੀਂਦਰ ਤੋਂ ਅੰਤ ਤੱਕ ਜਾਗਰਤ ਨਾ ਹੋਣ, ਤਾਂ ਜੁ ਅੰਤ ਨੂੰ ਜਦੋਂ ਉਨ੍ਹਾਂ ਦੇ ਮਨ ਦੀ ਅੱਖ ਖੁੱਲੇ ਤਾਂ ਕਲਾ ਦਾ ਅਸਰ ਹੋ ਚੁੱਕਾ ਹੋਵੇ ਤੇ ਕਲਾਕਾਰ ਜੋ ਭਾਵ ਚੇਤੰਨਤਾ ਤੇ ਮਾਨਸਿਕ ਪਰਿਵਰਤਨ ਪਾਠਕਾਂ ਅੰਦਰ ਉਪਜਾਣਾ ਚਾਹੁੰਦਾ ਹੈ, ਹੋਂਦ ਵਿੱਚ ਆ ਚੁੱਕੀ ਹੋਵੇ। ਇਸੇ ਨੂੰ ਅਰਸਤੂ (Aristotle) ਮਲਨਵ੍ਰਿਤੀ ਕਹਿੰਦਾ ਹੈ, ਜੋ ਕਿ ਹਰ ਉੱਚੀ ਕਲਾ ਦਾ ਅੰਤਮ ਨਿਸ਼ਾਨਾ ਹੈ। ਅੰਤ ਵਿੱਚ ਰੂਪ ਕੌਰ ਨੇ ਡਰਾਇਆ ਕਿ ਕਿਵੇਂ ਭੀ ਨਹੀਂ ਮੰਨਦੇ ਤਾਂ :
ਅਬ ਹੀ ਚੋਰਿ ਚੋਰਿ ਕਹਿ ਉਠਿਹੌ।। ਤੁਹਿ ਕੋ ਪਕਰਿ ਮਾਰ ਹੀ ਸੁਟਿਹੌ।।
ਫੇਰ ਚੋਰ-ਚੋਰ ਦਾ ਰੌਲਾ ਪਾ ਕੇ ਆਪਣੇ ਡੇਰੇ ਦੇ ਸਿੱਖਯਨ ਜਗਾ ਦਿੱਤੇ ਅਤੇ ਰਾਇ ਸਾਹਿਬ ਆਪਣੀ ਜੁੱਤੀ ਧੋਤੀ ਛੱਡ ਕੇ ਨੱਸ ਗਏ। ਇਉਂ ਇਕੀਸਮੇ ਚਰਿਤ੍ਰ ਸਮਾਪਤ ਹੁੰਦਾ ਹੈ ਹੁਣ ਬਾਈਵਾਂ ਚਰਿਤ੍ਰ ਬਸ ਇਤਨਾ ਹੀ ਹੈ ਕਿ :
ਚੋਰ ਬਚਨ ਸਭ ਹੀ ਸੁਨਿ ਧਾਏ।। ਕਾਢੇ ਖੜਗ ਰਾਇ ਪ੍ਰਤਿ ਆਏ।। ਆਗੇ ਪਾਛੇ ਦਾਹਿਨੇ ਘੇਰਿ ਦਸੋ ਦਿਸ ਲੀਨ।। ਲਾਤ ਮੁਸਟ ਬਾਜਨ ਲਗੀ ਸਿੱਖਯ ਪਹੁੰਚੇ ਆਇ।। ਭ੍ਰਾਤ ਭ੍ਰਾਤ ਤ੍ਰਿਯ ਕਹਿ ਰਹੀ ਕੋਊ ਨ ਸਕਯੋ ਛੁਰਾਇ।।
ਰਾਇ ਆਪ ਤਾਂ ਰੌਲਾ-ਗੌਲੇ ਵਿੱਚ ਬੱਚ ਕੇ ਨਿਕਲ ਗਿਆ ਤੇ ਰੂਪ ਕੌਰ ਦਾ ਭਾਈ ਲੋਕਾਂ ਨੇ ਚੋਰ ਜਾਣ ਕੇ ਫੜ ਲਿਆ ਤੇ ਮਾਰਿਆ ਕੁਟਿਆ ਤੇ ਅੰਤ ਨੂੰ ਹਵਾਲਾਤੇ ਪਾ ਦਿੱਤਾ। ਇਹ ਤ੍ਰਿਯਾ ਚਰਿਤੇ ਮੰਤ੍ਰੀ ਭੂਪ ਸੰਬਾਦੇ ੨੨ਵੋਂ ਚਰਿਤ੍ਰ ਸਮਾਪਤ ਹੈ। ਦੋ ਗੱਲਾਂ ਉੱਤੇ ਦੱਸ ਆਏ ਹਾਂ, ਜਿੰਨ੍ਹਾਂ ਤੋਂ ਸਾਧਾਰਣ ਬਿਤ੍ਰੀ ਅਤੇ ਸਾਹਿਤ ਰਚਨਾ ਦੇ ਭੇਦਾਂ ਤੋਂ ਅਣਜਾਣ ਪਾਠਕ ਨੂੰ ੨੧ਵਾਂ, ੨੨ਵਾਂ ਚਰਿਤ੍ਰ ਪੜ੍ਹ ਕੇ ਇਹ ਭੁਲੇਖਾ ਪੈਂਦਾ ਹੈ ਕਿ ਇਹ ਕਹਾਣੀਆਂ ਕਰਤਾ ਦੀਆਂ ਸਵੈ-ਜੀਵਨੀਆਂ ਹਨ, ਇੱਕ ਅਨੰਦਪੁਰ ਦਾ ਸਥਾਨਕ ਰੰਗ ਅਤੇ ਦੂਜਾ ਸਿੱਖਯ, ਗੁਰੂ ਆਦਿ ਸ਼ਬਦ ਜੋ ਕਿ ਨੌਕਰਾਂ ਚਾਕਰਾਂ ਅਤੇ ਰਾਇ ਸੰਬੋਧਕ ਹਨ। ਇੱਕ ਤੀਜੀ ਗੱਲ ਇਸ ੨੨ਵੇਂ ਚਰਿਤ੍ਰ ਵਿੱਚ ਹੋਰ ਹੈ, ਜਿਸ ਨੇ ਇਸ ਸਾਹਿਤਕ-ਮਾਯਾ (literary illusion) ਨੂੰ ਹੋਰ ਵੀ ਪਕੇਰਾ ਰੂਪ ਦੇ ਦਿੱਤਾ ਹੈ।
ਇਸ ੨੨ਵੇਂ ਚਰਿਤ੍ਰ ਵਿੱਚ, ਰੂਪ ਕੌਰ ਅਤੇ ਰਾਇ ਦੇ ਵਾਕਯੋਵਾਕ ਯਾ ਸਵਾਲਾਂ ਜਵਾਬਾਂ ਦੇ ਰੂਪ ਵਿੱਚ, ਉਹ ਗੁਰਵਾਕ ਦਰਜ਼ ਹਨ, ਜਿਹੜੇ ਕਿ ਕਿਸੇ ਸ਼ਰਧਾਵਾਨ ਤੇ ਹਿਤਕਰ ਜਥੇਦਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਹੇਠਲੀਆਂ ਪੌੜੀਆਂ ਦੀ ਉਪਰਲੀ ਮਹਿਰਾਬ ਉੰਤੇ ਲਿਖੇ ਹੋਏ ਸਨ ਜਿੰਨ੍ਹਾਂ ਨੂੰ ਚਿਰੰਕਾਲ ਤੋਂ ਅਨੇਕ ਸਿੱਖ ਯਾਤਰੂਹਰ ਰੋਜ਼ ਪੜ੍ਹਦੇ ਸਨ। ਉਹ ਵਾਕ ਹਨ :
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ।। ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।। ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ।। ਪਰ ਨਾਰੀ ਕੀ ਸੇਂਜ ਭੂਲਿ ਸੁਪਨੇ ਹੂੰ ਨ ਜੈਯਹੁ।। ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯ ਆਵਹਿ।। ਮਨ ਬਾਂਛਤ ਬਰ ਮਾਂਗਿ ਜਾਨਿ ਗੁਰ ਸੀਸ ਝੁਕਾਵਹਿ।। ਸਿੱਖਯ ਪੁਤ੍ਰ ਤ੍ਰਿਯ ਸੁਤਾ ਜਾਨਿ ਅਪਨੇ ਚਿਤ ਧਰਿਯੈ।। ਹੋ ਕਹੁ ਸੁੰਦਰਿ ਤੁਹਿ ਸਾਥ ਗਵਨ ਕੈਸੇ ਕਰ ਕਰਿਯੈ।।
ਇਹ ਛੰਦ, ਤ੍ਰਿਯਾਚਰਿਤ੍ਰ ਨਾਮੀ ਗ੍ਰੰਥ ਦਾ, ਨਿਰਸੰਸੇ ਵਾਸਤਵਿਕ ਹੈ। ਇਹ ਇਤਿਹਾਸ ਕਿ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਉਪਰੋਕਤ ਉਪਦੇਸ਼ ਦਿੱਤਾ, ਜਿਸ ਨੂੰ ਕਿ ਹਿਤੋਪਦੇਸ਼ ਨਮਿਤ ਤ੍ਰਿਯਾਚਰਿਤ੍ਰ ਦੇ ਕਰਤਾ ਨੇ, ੧੨ਵੀਂ ਚਰਿਤ੍ਰ ਵਿੱਚ ਗੁੰਦ ਦਿੱਤਾ। ਇਸ ਤੋਂ ਇਹ ਭਾਵ ਕੱਢਣਾ ਕਿ ਕਿਉਂਕਿ ਇਹ ਛੰਦ ਵਾਸਤਵਿਕ ਘਟਨਾ ਆਧਾਰਿਤ ਹੈ, ਇਸ ਲਈ ੨੨ਵੇਂ ਚਰਿਤ੍ਰ ਦੀ ਕਥਾ ਮਨੋਕਲਪਿਤ ਸਾਹਿਤ ਨਹੀ, ਸਗੋਂ ਇਤਿਹਾਸ ਵਰਣਨ ਹੈ, ਜਿਸ ਦੇ ਪਾਤਰ ਕਿ ਤ੍ਰਿਯਾਚਰਿਤ੍ਰ ਦੇ ਕਰਤਾ ਆਪ, ਗੁਰੂ ਗੋਬਿੰਦ ਸਿੰਘ ਜੀ ਹਨ, ਸਾਹਿਤ ਰਚਨਾ ਭੇਦਾਂ ਤੋਂ ਅਗਿਆਨਤਾ ਦਾ ਸੂਚਕ ਹੈ। ੮ਵੀਂ ਸਦੀ ਦੀ ਬਗ਼ਦਾਦ ਵਿੱਚ ਰਚੀ ਗਈ ਅਰਬੀ ਭਾਸ਼ਾ ਦੀ ਅਲਫ਼ ਲੈਲਾ ੧੧ਵੀਂ ਸਦੀ ਦੀ ਸੰਸਕ੍ਰਿਤ ਪੁਸਤਕ ਕਥਾ ਸਰਿਤ ਸਾਗਰ, ੧੩ਵੀਂ ਸਦੀ ਦੀ ਫ਼ਾਰਸੀ ਪ੍ਰਸਿੱਧ ਪੁਸਤਕ ਬੁਸਤਾਨ ਵਿੱਚ ਇਹ ਰਚਨਾ ਭੇਦ (literary technique) ਆਮ ਵਰਤੀ ਗਈ ਹੈ, ਜਿਥੇ ਕਿ ਕਥਾ-ਕਹਾਣੀ ਵਿੱਚ ਆਇਆ ਕੋਈ ਨੁਕਤਾ ਵਿਸਤਾਰ ਕਰਨ ਦੇ ਆਸ਼ੇ ਨਾਲ, ਹੋਰਨਾਂ ਕਵੀਆਂ ਦੇ ਕਿਸੇ ਹੋਰ ਪ੍ਰਸੰਗ ਪ੍ਰਥਾਇ ਕਹੇ ਹੋਏ ਕਾਵਿ-ਟੋਟੇ, ਕਥਾ ਕਹਾਣੀ ਦੇ ਪਾਤਰਾਂ ਦੇ ਮੂੰਹ ਵਿੱਚ ਪਾ ਦਿੱਤੇ ਗਏ ਹਨ ਅਤੇ ਇਸ ਨੂੰ ਦੋਸ਼ ਨਹੀ, ਸਗੋਂ ਕਲਾ ਦਾ ਗੁਣ ਸਮਝਿਆਂ ਗਿਆ ਹੈ। ੧੮ਵੀਂ ਸਦੀ ਦੀ ਕ੍ਰਿਤ ਹੀਰ ਵਾਰਸ ਸ਼ਾਹ ਵਿੱਚ ਕੁਰਾਨ ਸ਼ਰੀਫ਼ ਦੀਆਂ ਤੁਕਾਂ ਦੇ ਟੋਟੇ ਇਸੇ ਢੰਗ ਨਾਲ ਆਮ ਵਰਤੇ ਗਏ ਹਨ, ਜਿਸ ਤੋਂ ਕਿਸੇ ਨੇ ਇਹ ਭੁੱਲ ਕੇ ਭੀ ਨਹੀ ਅਨੁਮਾਨਿਆਂ ਕਿ ਹੀਰ ਰਾਂਝੇ ਦੀ ਪ੍ਰੇਮ ਕਥਾ ਹਜ਼ਰਤ ਮੁਹੰਮਦ ਸਾਹਿਬ ਯਾ ਅੱਲ੍ਹਾ ਦੀ ਸਵੈ-ਜੀਵਨੀ ਨਾਲ ਇਤਿਹਾਸਕ ਸੰਬੰਧ ਰੱਖਦੀ ਹੈ, ਜਿਵੇਂ ਕਿ ਸਰਲ-ਸੁਭਾਅ ਸ਼ਰਧਾਵਾਨ ਸਿੱਖ ਯਾ ਪ੍ਰੋਫ਼ੈਸਰ ਰਾਮ ਪ੍ਰਕਾਸ਼ ਜੀ ਸਮਝੀ ਫਿਰਦੇ ਹਨ। ਵਾਰਸ ਸ਼ਾਹ ਦਾ ਇਹ ਦਾਹਵਾ ਕਿ ਉਸ ਨੇ ਕੁਰਾਨ ਸ਼ਰੀਫ਼ ਦੀਆਂ ਤੁੱਕਾ ਹੀਰ ਰਾਂਝੇ ਦੀ ਪ੍ਰੇਮ ਵਾਰਤਾ ਵਿੱਚ ਵਰਤਕੇ ਉਨ੍ਹਾਂ ਤੁੱਕਾਂ ਦੇ ਪ੍ਰਯਾਯ ਲਿਖੇ ਹਨ ਤੇ ਤਸ਼ਰੀਹ ਕੀਤੀ ਹੈ :
ਇਹ ਕੁਰਾਨ ਸ਼ਰੀਫ਼ ਦੇ ਮਾਇਨੇ ਨੇ ਜਿਹੜੇ ਸ਼ਿਅਰ ਮੀਆਂ ਵਾਰਸ ਸ਼ਾਹ ਦੇ ਨੇ। ਇਉਂ ਹੀ ਇਸ ਉਪਰੋਕਤ ਗੁਰਵਾਕ ਛੰਦ ਦੇ ਤ੍ਰਿਯਾਚਰਿਤ੍ਰ ਦੀ ੨੨ਵੀਂ ਕਹਾਣੀ ਵਿੱਚ ਗੁੰਦੇ ਜਾਣ ਬਾਰੇ ਜਾਨਣਾ ਤੇ ਸਮਝਣਾ ਉਚਿਤ ਹੈ। |