ਮਿੱਤਰ ਪਿਆਰੇ ਨੂੰ

- ਸੰਤੋਖ ਸਿੰਘ ਧੀਰਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਪਰੋਕਤ ਸ਼ਬਦ (ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ) ਮਾਛੀਵਾੜੇ ਦੇ ਜੰਗਲ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ। ਅਨੰਦਗੜ੍ਹ ਦਾ ਕਿਲ੍ਹਾ ਛੱਡ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਰਾ ਕੁਝ ਕੁਰਬਾਨ ਕਰ ਜਦ ਮਾਛੀਵਾੜੇ ਆਏ ਤਾਂ ਜਿਵੇਂ ਭਾਰ-ਮੁਕਤ ਹੋ ਉਹ ਮਾਛੀਵਾੜੇ ਦੇ ਜੰਗਲ ਵਿਚ ਗੂਹੜੀ ਨੀਂਦਰ ਸੌਂ ਗਏ। ਉੱਠੇ ਤਾਂ ਆਪਣੇ ਆਪ ਨੂੰ ਹੌਲਾ ਫੁੱਲ ਪ੍ਰਤੀਤ ਕੀਤਾ। ਕੇਵਲ ਸਰੀਰਿਕ ਪੱਖੋਂ ਹੀ ਨਹੀਂ, ਸਗੋਂ ਮਾਨਸਿਕ ਪੱਖੋਂ ਵੀ। ਉਹਨਾਂ ਨੂੰ ਆਪਣੇ ਉਹ ਫ਼ਰਜ਼ ਅਦਾ ਹੋ ਗਏ ਜਾਪੇ ਸਨ ਜਿਹੜੇ ਉਹਨਾਂ ਆਪਣੇ ਆਪ ਹੀ ਆਪਣ ਉੱਤੇ ਲੈ ਲਏ ਸਨ। ਉਹ ਸਨ, ਦੇਸ਼ ਤੇ ਕੌਮ ਤੋਂ ਸਾਰਾ ਕੁਝ ਨਿਛਾਵਰ ਕਰਨਾ।


ਕਿਸੇ ਉਰਦੂ ਸ਼ਾਇਰ ਨੇ ਗੁਰੂ ਸਾਹਿਬ ਦੀ ਇਸੇ ਮਾਨਸਿਕ ਹਾਲਤ ਦਾ ਵਰਣਨ ਕਰਦੇ ਹੋਏ ਉਹਨਾਂ ਮੂੰਹੋਂ ਅਖਵਾਇਆ ਹੈ:


  ਅਜ ਮੁਝ੍ਹ ਸੇ ਤੇਰੀ ਅਮਾਨਤ ਅਦਾ ਹੂਈ,

  ਬੇਟੋ ਕੀ ਜਾਨ ਧਰਮ ਕੀ ਖ਼ਾਤਿਰ ਫ਼ਿਦਾ ਹੂਈ।


ਪਰ ਜੋ ਆਪਣੇ ਮਨ ਦੀ ਹਾਲਤ ਗੁਰੂ ਸਾਹਿਬ ਨੇ ਆਪ ਆਪਣੇ ਇਸ ਸ਼ਬਦ ਵਿਚ ਦੱਸੀ ਹੈ, ਉਹਦਾ ਕੋਈ ਜਵਾਬ ਨਹੀਂ। ਉਰਦੂ ਸ਼ਾਇਰ ਦੇ ਸ਼ੇਅਰ ਵਿਚ ਜਿਥੇ ਕਿਸੇ ਨੂੰ ਗੁਰੂ ਸਾਹਿਬ ‘ਤੇਰੀ’ ਆਖ ਸੰਬੋਧਤ ਹਨ, ਉਥੇ ਆਪਣੇ ਸ਼ਬਦ ਵਿਚ ਉਹ ਸਾਰੇ ਵਾਰਵਰਣ ਨੂੰ, ਬਿਰਛਾਂ ਨੂੰ, ਪੰਖੇਰੂਆਂ ਨੂੰ, ਸਮੇਂ ਨੂੰ, ਜ਼ਮਾਨੇ ਨੂੰ, ਆਪਣੇ ‘ਮਿਤਰ ਪਿਆਰੇ’ ਵੱਲ ਪ੍ਰੇਮ-ਸੁਨੇਹਾ ਦਿੰਦੇ ਹਨ। ਇਹ ਸੁਨੇਹਾ ਅੰਤਾਂ ਦੀ ਮਿਠਾਸ ਨਾਲ ਭਰਿਆ ਹੋਇਆ ਹੈ। ਦੁੱਖਾਂ ਅਤੇ ਕੁਰਬਾਨੀਆਂ ਨੇ, ਆਪਣੇ ਫ਼ਰਜ਼ ਦੀ ਪੂਰਤੀ ਨੇ, ਗੁਰੂ ਸਾਹਿਬ ਦੇ ਹਿਰਦੇ ਵਿਚ ਅਥਾਹ ਮਿਠਾਸ ਭਰ ਦਿੱਤੀ ਹੈ। ਕਿੰਨੇ ਮਿੱਠੇ, ਕਿੰਨੇ ਨਿਰਮਾਣ (ਮੁਰੀਦ), ਕਿੰਨੇ ਪ੍ਰੇਮ ਵਿਚ ਡੁੱਬੇ ਹੋਏ ਉਹ ਵਚਨ ਉਚਾਰ ਰਹੇ ਹਨ। ਤੇਰੇ ਬਿਨਾਂ, ਹੇ ਪਿਆਰੇ, ਰਜਾਈਆਂ ਰੋਗ ਹੀ ਨਹੀਂ ਹਨ, ਸਗੋਂ ਜੀਉਣਾ ਹੀ ਇਉਂ ਹੈ ਜਿਵੇਂ ਨਾਗਾਂ ਵਿਚ ਰਹਿਣਾ ਹੋਵੇ। ਪਿਆਲਾ ਖ਼ੰਜਰ ਵਰਗਾ, ਸੁਰਾਹੀ ਸੂਲੀ ਵਰਗੀ ਹੈ। ਹੇ ਮੇਰੇ ਪ੍ਰੀਤਮ (ਯਾਰੜਿਆਂ) ਸਾਨੂੰ ਸੁਖ-ਆਰਾਮ (ਖੇੜੇ)ਨਹੀਂ ਚਾਹੀਦੇ, ਤੂੰ ਹੋਵੇਂ ਤਾਂ ਸੱਥਰ ਸੌਣਾ ਵੀ ਬਾਦਸ਼ਾਹੀਆਂ ਤੋਂ ਉੱਤੇ ਹੈ।


ਗੁਰੂ ਸਾਹਿਬ ਦੀ ਆਮ ਬਾਣੀ ਅਕਾਲ ਉਸਤਤਿ, ਚੰਡੀ ਚਰਿਤ੍ਰ, ਚੰਡੀ ਦੀ ਵਾਰ, ਉਗ੍ਰ ਦੰਤੀ, ਆਦਿ ਖੜਕਵੀਂ ਤੇ ਗਰਜਵੀਂ ਹੈ। ਪਰ ਇਹ ‘ਖਿਆਲ’ ਬੜਾ ਹੀ ਸੌਖਾ, ਮਿੱਠਾ ਤੇ ਸ਼ਹਿਦ-ਭਿੱਜਾ ਹੈ। ਸ਼ਾਇਦ ਸਥਿਤੀ ਦਾ ਫ਼ਰਕ ਹੈ। ਉਹ ਜੰਗਾਂ ਅਤੇ ਜੁਧਾਂ ਦੀ ਸਥਿਤੀ ਦੀ ਪੈਦਾਵਾਰ ਹਨ, ਇਹ ਸਥਿਤੀ ਭਾਰ-ਮੁਕਤ ਤੇ ਹੌਲੇ ਫੁੱਲ ਮਨ ਦੀ ਹੈ। ਕੋਈ ਮਹਾਨ ਤਪੱਸਵੀ ਹੀ, ਸਭ ਕੁਝ ਵਾਰ ਦੇਣ ਮਗਰੋਂ ਇਹੋ ਜਿਹੀ ਮਾਨਸਿਕ ਅਵਸਥਾ ਉੱਤੇ ਪੁਜ ਸਕਦਾ ਹੈ।


ਗੁਰੂ ਸਾਹਿਬ ਨੇ ਕਿਹਾ ਹੈ: “ਜਿਨਿ ਪ੍ਰੇਮ ਕੀਉ ਤਿਨ ਹੀ ਪ੍ਰਭੁ ਪਾਇਓ”। ਇਹ “ਖਿਆਲ” ਉਚਾਰਣ ਵੇਲੇ, ਨਿਰਸੰਦੇਹ, ਉਹਨਾਂ ਨੇ ਆਪਣੇ ਪ੍ਰਭੂ ਨੂੰ ਪਾਇਆ ਹੋਇਆ ਹੈ। ਜਿਸ ਨੂੰ ਉਹਨਾਂ ਨੇ ਇਸ ਸ਼ਬਦ ਵਿਚ “ਮਿਤਰ ਪਿਆਰਾ” ਕਿਹਾ ਹੈ।

Back to topCopyright 2018 Akhand Kirtani Jatha, All Rights Reserved.

Site content managed by : Bhai Ratinder Singh, Indore.