ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਕਰਮ-ਯੋਗ

- ਡਾ.ਗੰਡਾ ਸਿੰਘਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੇ ਕੁੱਝ ਵਿਰਲੇ ਮਹਾਂ-ਪੁਰਖਾਂ ਵਿਚੋਂ ਹਨ, ਜਿੰਨ੍ਹਾਂ ਨੂੰ ਪੂਰਨ ਕਰਮ-ਯੋਗੀ ਕਿਹਾ ਜਾ ਸਕਦਾ ਹੈ, ਜੋ ਸੰਸਾਰ ਵਿਚ ਆਮ ਮਨੁੱਖਾਂ ਵਾਂਗ ਵਿਚਰਦੇ ਹੋਏ ਭੀ ਸੰਸਾਰ ਦੇ ਬੰਧਨਾਂ ਵਿਚ ਜਕੜੇ ਨਹੀਂ ਜਾਂਦੇ, ਜੋ ਆਪਣੇ ਆਪ ਨੂੰ ਪਰਮ-ਆਤਮਾ ਦੀ ਇਕ ਅੰਸ਼ ਸਮਝਦੇ ਹਨ, ਉਸਦਾ ਦਾਸ ਦੱਸਦੇ ਹਨ, ਉਸਦੇ ਹੁਕਮ ਦੀ ਪਾਲਣਾ ਕਰਦੇ ਹੋਏ ਆਪਾ ਨਹੀਂ ਜਣਾਉਂਦੇ ਅਤੇ ਇਸ ਜੀਵਨ ਨੂੰ ਉਸਦੀ ਦਾਤ ਜਾਣ ਕੇ ਉਸੇ ਦੀ ਸੇਵਾ, ਉਸਦੇ ਬੰਦਿਆਂ ਦੀ ਸੇਵਾ ਵਿਚ ਲਾਈ ਰੱਖਦੇ ਹਨ। ਉਹ ਕੰਮ, ਕੰਮ ਦੀ ਖਾਤਰ, ਰੱਬ ਵੱਲੋਂ ਮਿਲੀ ਸੇਵਾ ਦੀ ਖਾਤਰ ਕਰੀ ਜਾਂਦੇ ਹਨ। ਉਨ੍ਹਾਂ ਦੀ ਕੋਈ ਨਿੱਜੀ ਕਾਮਨਾ ਇਸ ਵਿਚ ਕੰਮ ਨਹੀਂ ਕਰ ਰਹੀ ਹੁੰਦੀ। ਉਹ ਹਰ ਪ੍ਰਕਾਰ ਦੇ ਕੰਮ ਵਿਚ ਨਿਰਲੇਪ ਰਹਿੰਦੇ ਹਨ। ਉਹ ਗ੍ਰਹਿਸਤ ਵਿਚ ਨਿਰਮੋਹ ਤੇ ਮੈਦਾਨਿ ਜੰਗ ਵਿਚ ਨਿਰਵੈਰ ਰਹਿੰਦੇ ਹਨ। ਉਹ ਸੰਸਾਰ ਦੇ ਦੁੱਖਾਂ ਨੂੰ ਦੁੱਖ ਨਹੀਂ ਸਮਝਦੇ ਅਤੇ ਇੰਨ੍ਹਾਂ ਤੋਂ ਘਬਰਾ ਕੇ ਸੰਸਾਰੀ ਫਰਜ਼ਾਂ ਨੂੰ ਛੱਡ ਕੇ ਜੰਗਲਾਂ ਨੂੰ ਨਹੀਂ ਭੱਜ ਜਾਂਦੇ। ਉਹ ਰਣਭੂਮੀ ਵਿਚ ਸੂਰਮਿਆਂ ਵਾਂਗ ਨਿੱਤਰਦੇ ਹਨ, ਵੈਰੀ ਨਾਲ ਲੋਹਾ ਲੈਂਦੇ ਹਨ, ਪਰ ਆਪਣੀ ਤਾਕਤ ਦੀ ਨਜ਼ਾਇਜ਼ ਵਰਤੋਂ ਨਹੀਂ ਕਰਦੇ ਅਤੇ ਨਾਂ ਹੀ ਸਦਾ ਲਈ ਉਸ ਨਾਲ ਵੈਰ ਸਹੇੜੀ ਰੱਖਦੇ ਹਨ। ਅਜਿਹੇ ਸਨ ਗੁਰੂ ਗੋਬਿੰਦ ਸਿੰਘ ਜਿੰਨ੍ਹਾਂ ਦੀ ਬਾਣੀ ਕਰਮ-ਯੋਗ ਦੀ ਸਿੱਖਿਆ ਨਾਲ ਭਰਪੂਰ ਹੈ ਅਤੇ ਜਿੰਨ੍ਹਾਂ ਦਾ ਜੀਵਨ ਇਕ ਪੂਰਨ ਕਰਮ-ਯੋਗੀ ਦੀ ਜਿਉਂਦੀ ਜਾਗਦੀ ਤਸਵੀਰ ਹੈ, ਜੋ ਹਰ ਸੰਸਾਰੀ ਲਈ ਆਦ੍ਰਸ਼ ਦਾ ਕੰਮ ਦੇ ਸਕਦੀ ਹੈ। ਇਸ ਸੰਸਾਰ ਵਿਚ ਆਪਣੇ ਜੀਵਨ ਦਾ ਮਨੋਰਥ ਦੱਸਦੇ ਹੋਏ ਆਪ ਕਹਿੰਦੇ ਹਨ-


 ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵ ਪਠਾਏ॥

 ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸ਼ਟ ਦੋਖੀਅਨਿ ਪਕਰਿ ਪਛਾਰੋ॥ 42

 ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ॥

 ਧਰਮ ਚਲਾਵਨ ਸੰਤ ਉਬਾਰਨ॥ ਦੁਸ਼ਟ ਸਭ ਕੋ ਮੂਲ ਉਪਾਰਨ॥ 43 (ਬਚਿਤ੍ਰ ਨਾਟਕ)


ਅਤੇ ਇਸ ਮਨੋਰਥ ਦੇ ਸਿਰੇ ਚੜ੍ਹਨ ਲਈ ਆਪ ਅਰਦਾਸ ਕਰਦੇ ਹਨ-


 ਦੇਹਿ ਸਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ॥

 ਨ ਡਰੋਂ ਅਰਿ ਸੋਂ ਜਬ ਜਾਇ ਲਰੋਂ ਨਿਸਚੈ ਕਰ ਅਪਨੀ ਜੀਤ ਕਰੋਂ॥

 ਅਰੁ ਸਿਖਹੋ ਅਪਨੇ ਹੀ ਮਨ ਕੋ ਇਹ ਲਾਲਚ ਹਉਂ ਗੁਨ ਤਉ ਉਚਰੋਂ॥

 ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਣ ਮੈ ਤਬ ਜੂਝ ਮਰੋਂ॥


 ਰਣ-ਭੂਮੀ ਵਿਚ ਜਾਕੇ ਭੀ ਦੁਸਟ ਸੰਘਾਰਨ ਅਤੇ ਸੰਤ ਉਬਾਰਨ ਦੀ ਇੱਛਾ ਵਾਲਾ ਮਨੁੱਖ ਸਦਾ ਪ੍ਰਮਾਤਮਾ ਨੂੰ ਯਾਦ ਰੱਖੇ, ਇਕ ਪਾਸੜ ਹੋਕੇ ਖੂਨ ਦਾ ਪਿਆਸਾ ਨਾ ਬਣਿਆਂ ਫਿਰੇ। ਉਸਦੇ ਚਿੱਤ ਵਿਚ ਜੇ ਯੁੱਧ ਹੋਵੇ ਤਾਂ ਮੁੱਖ ਤੇ ਹਰੀ ਦਾ ਸਿਮਰਨ ਹੋਵੇ। ਗੁਰੂ ਗੋਬਿੰਦ ਸਿੰਘ ਜੀ ਦਾ ਕਥਨ ਹੈ:-


 ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿੱਤ ਮੈ ਜੁਧ ਬੀਚਾਰੇ॥ (ਕ੍ਰਿਸ਼ਨਾਵਤਾਰ)


 ਰੱਛਿਆ ਹਰ ਵੇਲੇ ਅਕਾਲ ਦੀ ਸਮਝੇ ਅਤੇ ਮੰਗੇ, ਜਿਵੇਂ ਅਕਾਲ ਉਸਤਤਿ ਦੀ ਬਾਣੀ ਨੂੰ ਆਰੰਭ ਕਰਦੇ ਆਪ ਕਹਿੰਦੇ ਹਨ:-


ਅਕਾਲ ਪੁਰਖ ਕੀ ਰੱਛਾ ਹਮਨੈ॥ ਸਰਬ ਲੋਹ ਦੀ ਰੱਛਿਆ ਹਮਨੈ॥

ਸਰਬ ਕਾਲ ਜੀ ਦੀ ਰੱਛਿਆ ਹਮਨੈ॥ ਸਰਬਲੋਹ ਜੀ ਦੀ ਸਦਾ ਰੱਛਿਆ ਹਮਨੈ॥ ਅ.ਉ


ਅਤੇ ਬੇਨਤੀ ਚੌਪਈ ਦੇ ਅੰਤ ਵਿਚ ਕਹਿੰਦੇ ਹਨ:-


 ਖੜਗ ਕੇਤ ਮੈ ਸਰਣਿ ਤਿਹਾਰੀ॥ ਆਪ ਹਾਥ ਦੈ ਲੇਹੁ ਉਬਾਰੀ॥

 ਸਰਬ ਠੌਰ ਮੋ ਹੋਹੁ ਸਹਾਈ॥ ਦੁਸ਼ਟ ਦੋਖ ਤੇ ਲੇਹੁ ਬਚਾਈ॥ (ਬੇਨਤੀ ਚੌਪਈ)


ਅਤੇ ,


 ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ॥

 ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ॥

 ਸਿਮ੍ਰਤਿ ਸਾਸਤ੍ਰ ਬੇਦ ਸਭੈ ਬਹੁ ਭੇਦ ਕਹੈਂ ਹਮ ਏਕ ਨ ਜਾਨਯੋ॥

 ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹਯੋ ਸਭ ਤੋਹਿ ਬਖਾਨਯੋ॥ ਸ੍ਵੈਯਾ ਪਾਤਸ਼ਾਹੀ 10

ਬਚਿਤ੍ਰ ਨਾਟਕ ਵਿਚ ਆਪ ਹੀ ਇਕ ਥਾਂ ਫੁਰਮਾਉਂਦੇ ਹਨ-

 ਯਾ ਕਲ ਮੈਂ ਸਬ ਕਾਲ ਕ੍ਰਿਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ॥


ਪਰ ਆਪ ਕ੍ਰਿਪਾਨ ਦੀ ਵਰਤੋਂ ਉਤੇ ਇਕ ਬੜੀ ਕਰੜੀ ਪਾਬੰਦੀ ਲਾਉਂਦੇ ਹਨ। ਜਿਵੇਂ ਕਿ ਆਪ ਜ਼ਫਰਨਾਮੇ ਵਿਚ ਲਿਖਦੇ ਹਨ, ਕਿ ਇਸਦੀ ਵਰਤੋਂ ਉਸੇ ਵੇਲੇ ਜਾਇਜ਼ ਹੈ, ਜਦੋਂ ਹੋਰ ਕੋਈ ਵੀ ਹੀਲਾ ਬਾਕੀ ਨਾ ਰਹਿ ਜਾਏ, ਅਰਥਾਤ ਤਲਵਾਰ ਫੜਨ ਤੋਂ ਪਹਿਲਾਂ ਬਾਕੀ ਸਾਰੇ ਸਾਧਨ ਵਰਤ ਕੇ ਵੇਖਣੇ ਚਾਹੀਦੇ ਹਨ। ਤਲਵਾਰ ਅੰਤਲਾ ਸਾਧਨ ਹੈ। ਤਲਵਾਰ ਦੇ ਜ਼ੋਰ ਨਾਲ ਜਦ ਜਿੱਤ ਪ੍ਰਾਪਤ ਹੋ ਜਾਏ ਯਾ ਹੋਰ ਸਾਧਨਾ ਨਾਲ ਸਫਲਤਾ ਮਿਲ ਜਾਵੇ ਤਾ ਮਨੁੱਖ ਨੂੰ ਹੰਕਾਰੀ ਨਹੀਂ ਹੋ ਜਾਣਾ ਚਾਹੀਦਾ, ਕਿਉਂਕਿ ਸਫਲਤਾ ਪ੍ਰਮਾਤਮਾ ਦੀ ਦਾਤ ਹੈ। ਮਨੁੱਖ ਦਾ ਕਰਮ ਇਸ ਸੰਸਾਰ ਵਿਚ ਇਸਦੀ ਸਾਰੀ ਮਸ਼ੀਨਰੀ ਦੇ ਇਕ ਨਿੱਕੇ ਜਿਹੇ ਪੁਰਜ਼ੇ ਤੋਂ ਵੱਧ ਨਹੀਂ। ਗੁਰੂ ਗੋਬਿੰਦ ਸਿੰਘ ਇਤਨੇ ਨਿਰ-ਹੰਕਾਰ ਅਤੇ ਹਲੀਮ-ਚਿੱਤ ਸਨ, ਕਿ ਜੋ ਇਕ ਪੂਰਨ-ਬ੍ਰਹਮਗਿਆਨੀ ਅਤੇ ਕਰਮ-ਯੋਗੀ ਹੀ ਹੋ ਸਕਦਾ ਹੈ। ਦੇਸ਼ ਦੀ ਪੁਰਾਤਨ ਧਾਰਮਕ ਪ੍ਰੰਪਰਾ ਅਨੁਸਾਰ ਲੋਕ ਕਿਧਰੇ ਆਪ ਨੂੰ ਹੀ ਪ੍ਰਮੇਸ਼ਰ ਨਾਂ ਕਹਿਣ ਲੱਗ ਪੈਣ, ਜਦ ਇਹ ਖਿਆਲ ਆਪ ਨੂੰ ਆਇਆ, ਤਾਂ ਆਪ ਨੇ ਇਸਦੀ ਬੜੇ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਕਿਹਾ ਕਿ ਮੈਂ ਤਾਂ ਕੇਵਲ ਅਕਾਲ ਪੁਰਖ ਦੇ ਹੁਕਮ ਨਾਲ ਇਥੇ ਸੰਸਾਰ ਵਿਚ ਜਗਤ ਦਾ ਤਮਾਸ਼ਾ ਦੇਖਣ ਆਇਆ ਹਾਂ ਅਤੇ ਜੋ ਮੈਨੂੰ ਪ੍ਰਮੇਸ਼ਰ ਕਹਿਣ ਦੀ ਭੁੱਲ ਕਰਨਗੇ, ਉਹ ਨਰਕ-ਕੁੰਡ ਦੇ ਭਾਗੀ ਹੋਣਗੇ। ਬਚਿਤ੍ਰ ਨਾਟਕ ਵਿਚ ਇਸ ਸਬੰਧੀ ਆਪਦੇ ਸ਼ਬਦ ਇਸ ਤਰ੍ਹਾਂ ਹਨ:_


 ਜੇ ਹਮ ਕੋ ਪ੍ਰਮੇਸ਼ਰ ਉਚਰਿਹੈਂ॥ ਤੇ ਸਭ ਨਰਕ ਕੁੰਡ ਮਹਿ ਮਹਿ ਪਰਿਹੈਂ॥

 ਮੋ ਕੋ ਦਾਸ ਤਵਨ ਕਾ ਜਾਨੋ॥ ਯਾ ਮੈ ਭੇਦ ਨ ਰੰਚ ਪਛਾਨੋ॥ 32

 ਮੈ ਹੋ ਪਰਮ ਪੁਰਖ ਕੋ ਦਾਸਾ॥ ਦੇਖਨ ਆਯੋ ਜਗਤ ਤਮਾਸਾ॥ (ਬਚਿਤ੍ਰ ਨਾਟਕ)


ਕਈ ਵਾਰੀ ਕੁੱਝ ਤੰਗ ਦਿਲ ਲੋਕ, ਦੇਸ਼, ਭੇਖ, ਧਰਮ ਅਤੇ ਵਿਚਾਰਾਂ ਵਿਚ ਭਿੰਨ-ਭੇਦ ਹੋਣ ਕਰਕੇ ਉਨ੍ਹਾਂ ਲੋਕਾਂ ਨਾਲ ਜੋ ਉਨ੍ਹਾਂ ਦੇ ਗੁਰਭਾਈ ਨਹੀਂ ਜਾਂ ਉਨ੍ਹਾਂ ਦੇ ਦੇਸ਼ ਵਾਸੀ ਨਹੀਂ, ਜਾਂ ਉਨ੍ਹਾਂ ਦੇ ਵਿਚਾਰ ਦੇ ਅਨੁਸਾਰੀ ਨਹੀਂੰ, ਘਿਰਣਾ ਕਰਨ ਲੱਗ ਜਾਂਦੇ ਹਨ। ਇਹ ਗੱਲ ਇਕ ਕਰਮ-ਯੋਗੀ ਦੇ ਧਰਮ ਦੇ ਵਿਰੱਧ ਹੈ। ਉਸ ਲਈ ਤਾਂ ਸਰਬ ਸ੍ਰਿਸ਼ਟੀ ਇਕ ਪਿਤਾ ਪ੍ਰਮਾਤਮਾ ਦੀ ਸਿਰਜਨਾ ਹੋਣ ਕਰਕੇ ਇਕ ਵੱਡਾ ਭਾਈਚਾਰਾ ਹੈ। ਉਨ੍ਹਾਂ ਵਿਚ ਬਾਹਰਲੇ ਦਿਸ ਰਹੇ ਭਿੰਨ-ਭੇਦ ਵੱਖ ਵੱਖ ਦੇਸ਼ਾਂ ਦੇ ਪੌਣ ਪਾਣੀਆਂ ਦੇ ਪ੍ਰਭਾਵਾਂ ਕਰਕੇ ਹਨ। ਇਸੇ ਤਰਾਂ ਧਰਮਾਂ ਅਤੇ ਭੇਖਾਂ ਦੇ ਫਰਕ ਭੀ।


ਇਸ ਲਈ ਹਰ ਮਨੁੱਖ ਭਾਵੇਂ ਉਹ ਕਿਸੇ ਭੀ ਦੇਸ਼ ਅਤੇ ਕੌਮ ਦਾ ਹੈ ਅਤੇ ਕਿਸੇ ਭੀ ਧਰਮ ਜਾਂ ਵਿਚਾਰ ਨੂੰ ਮੰਨਣ ਵਾਲਾ ਹੈ, ਉਸ ਪ੍ਰਮਾਤਮਾ ਦੀ ਰਚਨਾ ਹੈ, ਜਿਸਨੇ ਸਾਨੂੰ ਸਾਜਿਆ ਹੈ। ਇਸ ਲਈ ਉਹ ਸਾਡੇ ਭਾਈਚਾਰੇ ਅਤੇ ਸਾਡੇ ਵੱਲੋਂ ਪਿਆਰ ਅਤੇ ਸੇਵਾ ਦਾ ਹੱਕਦਾਰ ਹੈ। ਮਨੁੱਖ ਮਾਤ੍ਰ ਵਿਚ ਵਿਤਕਰਾ ਕਰਨਾ ਪ੍ਰਮਾਤਮਾ ਦੇ ਸਿਰਜਨਹਾਰ ਪਿਤਾ ਨੂੰ ਮੰਨਣ ਤੋਂ ਮੁਨਕਰ ਹੋਣਾ ਹੈ। ਆਪਣੇ ਪਰਾਏ ਦੀ ਗਿਣਤੀ ਛੋਟੇ ਦਿਲ ਵਾਲੇ ਲੋਕਾਂ ਦੀ ਗੱਲ ਹੈ। ਉਦਾਰ-ਚਿੱਤ ਯੋਗੀਆਂ ਲਈ ਤਾਂ ਸਾਰਾ ਸੰਸਾਰ ਹੀ ਉਨ੍ਹਾਂ ਦਾ ਆਪਣਾ ਟੱਬਰ ਹੈ ਅਤੇ ਹਿੰਦੁਸਤਾਨ ਦੇ ਰਹਿਣ ਵਾਲੇ ਲੋਕਾਂ ਲਈ ਅਜਿਹੇ ਵਿਤਕਰੇ ਤਾਂ ਬਿਲਕੁੱਲ ਹੀ ਵਿਅਰਥ ਹਨ। ਇਹ ਦੇਸ਼ ਤਾਂ ਆਪਣੇ ਆਪ ਵਿਚ ਇਕ ਛੋਟਾ ਜਿਹਾ ਸੰਸਾਰ ਹੈ, ਜਿਥੇ ਅਨੇਕਾਂ ਰੂਪਾਂ-ਰੇਖਾਂ, ਰੰਗ-ਢੰਗ, ਬੋਲਚਾਲ ਅਤੇ ਧਾਰਮਕ ਵਿਚਾਰਾਂ ਦੇ ਲੋਕ ਵੱਸਦੇ ਹਨ, ਜਿੰਨ੍ਹਾਂ ਵਿਚ ਵੱਖ ਵੱਖ ਪੌਣ ਪਾਣੀਆਂ ਕਰਕੇ ਕੁੱਝ ਬਾਹਰੀ ਫਰਕ ਦਿਸਦੇ ਹਨ, ਜਿਵੇਂ ਕਿ ਕਸ਼ਮੀਰੀਆਂ ਅਤੇ ਮਦਰਾਸੀਆਂ ਵਿਚ, ਪੰਜਾਬੀਆਂ ਅਤੇ ਉੜੀਸੀਆਂ ਵਿਚ, ਬੰਗਾਲੀਆਂ ਅਤੇ ਰਾਜਪੂਤਾਂ ਵਿਚ। ਇਸੇ ਤਰ੍ਹਾਂ ਸਮੇਂ ਅਤੇ ਇਤਿਹਾਸਕ ਕਾਰਣਾ ਕਰਕੇ ਇਥੇ ਕਈ ਵੱਖਰੇ ਵੱਖਰੇ ਧਰਮ ਭੀ ਹਨ, ਜਿਵੇਂ ਕਿ ਹਿੰਦੂ, ਬੋਧੀ, ਜੈਨੀ, ਮੁਸਲਮਾਨ, ਪਾਰਸੀ, ਸਿੱਖ, ਈਸਾਈ ਆਦਿ। ਇਨ੍ਹਾਂ ਵਿਚੋਂ ਆਪਣੇ ਅੱਗੇ ਹੋਰ ਫਿਰਕੇ ਭੀ ਹਨ, ਪਰ ਹਨ ਸਾਰੇ ਦੇਸ਼ ਦੇ ਵਾਸੀ, ਇਕੋ ਪ੍ਰਮਾਤਮਾ ਦੀ ਸੰਤਾਨ, ਇਕੋ ਸੰਸਾਰ ਭਾਈਚਾਰੇ ਦੇ ਮੈਂਬਰ। ਇਸ ਲਈ ਸੰਸਾਰ ਦੇ ਇਕ ਕੁਟੰਬ ਹੋਣ ਦੀ ਅਤੇ ਹਿੰਦੁਸਤਾਨ ਦੇ ਇਕ-ਮੁੱਠ ਇਕ ਟੱਬਰ ਹੋਣ ਦੀ ਜਿੰਨੀ ਸੋਹਣੀ ਮਿਸਾਲ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਮੌਜੂਦ ਹੈ, ਹੋਰ ਕਿਧਰੇ ਬਹੁਤ ਹੀ ਘੱਟ ਮਿਲੇਗੀ। ਇਹੋ ਹੀ ਸੱਚੇ ਕਰਮ-ਯੋਗੀ ਦੀ ਸਿੱਖਿਆ ਹੈ। ਆਪ ਫੁਰਮਾਉਂਦੇ ਹਨ ਕਿ ਦੇਸ਼ਾਂ ਦੇਸ਼ਾਂ ਵਿਚ:_ 


ਫਰਾ ਸੀ ਫਿਰੰਗੀ ਫਰਾਸੀਸ ਕੇ ਦੁਰੰਗੀ ਮਕਰਾਨ ਕੇ ਮ੍ਰਿਦੰਗੀ ਤੇਰੇ ਗੀਤ ਗਾਈਅਤ ਹੈ॥

 ਭਖਰੀ ਕੰਧਾਰੀ ਗੋਰ ਗਖਰੀ ਗਰਦੇਜਾ ਚਾਰੀ ਪਉਨ ਕੇ ਅਹਾਰੀ ਤੇਰੋ ਨਾਮ ਧਿਆਈਅਤ ਹੈ॥

 ਪੂਰਬ ਪਲਾਊਂ ਕਾਮ ਰੂਪ ਔ ਕਮਾਊਂ ਸਰਬ ਠੌਰ ਮੈਂ ਬਿਰਾਜੈ ਜਹਾਂ ਜਹਾਂ ਜਾਈਅਤੁ ਹੈ॥ ਅ.ਉ


ਅਤੇ-


 ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾਵਾਲੀ ਦਿਲੀ ਕੇ ਦਿਲਵਾਲੀ ਤੇਰੀ ਆਗਿਆ ਮੇ ਚਲਤ ਹੈ॥

 ਰੋਹ ਕੇ ਰੁਹੇਲੇ ਮਾਘ ਦੇਸ ਦੇ ਮਘੇਲੇ ਬੀਰ ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ॥

 ਗੋਖਾ ਗੁਨ ਗਾਵੈ ਚੀਨ ਮਚੀਨ ਕੋ ਸੀਸ ਨਯਾਵੈ ਤਿਬਤੀ ਧਿਆਇ ਦੋਖ ਦੇਹ ਕੋ ਦਲਤ ਹੈ॥ 3॥ 255


ਏਸੇ ਤਰ੍ਹਾਂ ਧਾਰਮਕ ਵਿਚਾਰਾਂ ਵਿਚ:_


 ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀ ਅਨਮਾਨਬੋ॥

 ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨੁਸ ਕੀ ਜਾਤ ਸਬੈ ਏਕੈ ਪਹਿਚਾਨਬੋ॥

 ਕਰਤਾ ਕਰੀਮ ਸੋਈ ਰਾਜਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ॥

 ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ, ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ॥ 15॥ 85॥


ਇਵੇਂ ਹੀ:


 ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ॥

 ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ॥

 ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ॥

 ਅਲਹ ਅਭੇਖ ਸੋਈ ਪੁਰਾਨ ਔ ਕੁਰਾਨ ਓਈ ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ॥ ਅ.


ਇਹ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਕਰਮ-ਯੋਗ ਦੀ ਸਿੱਖਿਆ, ਜਿਸਨੇ ਨਿਤਾਣੇ ਅਤੇ ਨਿਰਸਾਹਸ ਦੇਸ਼ ਵਿਚ ਇਕ ਨਵੀਂ ਰੂਹ ਫੂਕ ਦਿੱਤੀ ਸੀ, ਜਿਸਨੇ ਗਿਦੜਾਂ ਨੂੰ ਸ਼ੇਰ, ਗੀਦੀਆਂ ਨੂੰ ਸੂਰਬੀਰ ਜੋਧੇ ਅਤੇ ਗੁਲਾਮਾਂ ਤੋਂ ਭੀ ਨਿੱਘਰੇ ਹੋਏ ਲੋਕਾਂ ਨੂੰ ਸੁਤੰਤਰ ਰਾਜਪਤੀ ਬਣਾ ਦਿੱਤਾ ਸੀ। ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਕਰਮ-ਯੋਗੀ ਬਾਣੀ ਅਤੇ ਕਰਮ-ਯੋਗੀ ਜੀਵਨ, ਜਿਸ ਉਤੇ ਦੇਸ਼ ਅਤੇ ਸੰਸਾਰ ਜਿਤਨਾ ਭੀ ਮਾਣ ਕਰੇ ਥ੍ਹੋੜਾ ਹੈ।


(ਧੰਨਵਾਦ : ਗੁਰਮਤਿ ਪ੍ਰਕਾਸ਼, ਜਨਵਰੀ 1997, ਪੰ: 33-37)

Back to topCopyright 2018 Akhand Kirtani Jatha, All Rights Reserved.

Site content managed by : Bhai Ratinder Singh, Indore.