ਗੁਰਤੇਜ ਸਿੰਘ ਕਿਹੜਾ???

- ਅਮਰਜੀਤ ਸਿੰਘ ਖੋਸਾ ‘ਦਸਮ ਗ੍ਰੰਥ ਦਾ ਛੋਛਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਦਾਗੀ ਕਰਨ ਦਾ ਯਤਨ’ ਜਦੋਂ ਇਹ ਲੇਖ ਸਤੰਬਰ,2000 ਵਿਚ ਪੜ੍ਹਿਆ ਤਾਂ ਮਨ ਵਿਚ ਵਿਚਾਰ ਆਇਆ ਕਿ ਇਹ ਪਤਾ ਨਹੀਂ ਕਿਹੜਾ ਨਵਾਂ ਗੁਰਤੇਜ ਸਿੰਘ ਪੈਦਾ ਹੋਇਆ ਹੈ?, ਕਿਉਂਕਿ ਸ੍ਰ.ਗੁਰਤੇਜ ਸਿੰਘ ਆਈ.ਏ.ਐਸ.,ਨੈਸ਼ਨਲ ਪ੍ਰੋਫੈਸਰ ਆਫ ਸਿੱਖਿਜ਼ਮ,ਜੋ ਕਿ ਸਿਰਦਾਰ ਕਪੂਰ ਸਿੰਘ ਜੀ ਦੇ ਬੜੇ ਨਜ਼ਦੀਕ ਰਹੇ ਹਨ, ਤੇ ਜਿੰਨ੍ਹਾਂ ਦੀ ਇਕ ਪੁਸਤਕ ‘ਚੱਕ੍ਰਵਿਹੂ” (ਇੰਗਲਿਸ਼) ਭੀ ਪੜ੍ਹੀ ਹੋਈ ਹੈ, ਅਤੇ ਬੜੇ ਮਾਣ ਨਾਲ ਉਹ ਆਪਣੇ ਆਪ ਨੂੰ ਸਿਰਦਾਰ ਕਪੂਰ ਸਿੰਘ ਜੀ ਤੋਂ ਬਾਅਦ ਉਨ੍ਹਾਂ ਦੀਆ ਲੀਹਾਂ ਤੇ ਚੱਲਣ ਵਾਲੇ ਹੋਣ ਕਰਕੇ ਮਾਣ ਮਹਿਸੂਸ ਕਰਦੇ ਹਨ, ਇਹ ਉਹ ਨਹੀਂ ਹੋ ਸਕਦੇ।   


 ਕਾਰਨ ਇਹ ਹੈ, ਕਿ ਸਿਰਦਾਰ ਕਪੂਰ ਸਿੰਘ ਜੀ ਸਾਰੀ ਉਮਰ ‘ਸ੍ਰੀ ਦਸਮ ਗ੍ਰੰਥ ਸਾਹਿਬ’ ਦੇ ਹੱਕ ਵਿਚ ਲਿਖਦੇ ਰਹੇ ਹਨ, ਅਤੇ ਉਨ੍ਹਾਂ ਨੇ ਸ਼੍ਰੋ.ਗੁ.ਪ੍ਰ.ਕ. ਵੱਲੋਂ ਪ੍ਰਕਾਸ਼ਤ ਹੋਣ ਵਾਲੇ ‘ਗੁਰਮਤ ਪ੍ਰਕਾਸ਼’ ਵਿਚ ਲੇਖ ‘ਕਿੱਸਾ ਰੂਪ ਕੌਰ ਦਾ’ ਲਿਖਕੇ ਪ੍ਰੋ.ਰਾਮਪ੍ਰਕਾਸ਼ ਸਿੰਘ ਐਮ.ਏ.ਐਲ-ਐਲ. ਬੀ. ਅਤੇ ਉਸ ਵਰਗੇ ਕਈ ਹੋਰ ਪੜ੍ਹਿਆਂ ਲਿਖਿਆਂ ਦੇ ਭਰਮ ਭੁਲੇਖੇ ਦੂਰ ਕੀਤੇ ਹਨ। ਉਨ੍ਹਾਂ ਦੀ ਆਪਣੀ ਪੁਸਤਕ ‘Sikhism An Oecumenical Religion’ ਪੰ:198-99 ਉਪਰ ਜਦੋਂ ਉਹ ਅੰਮ੍ਰਿਤ ਸੰਚਾਰ ਦੀ ਵਿਧੀ ਦੱਸਦੇ ਹਨ ਤਾਂ ਸਾਫ ਲਿਖਿਆ ਹੈ- ਪੰਜਾਂ ਪਿਆਰਿਆਂ ਵੱਲੋਂ ਪੰਜ ਬਾਣੀਆਂ ਜਪੁ, ਜਾਪ, ਸਵੈਯੇ, ਬੇਨਤੀ ਚੌਪਈ ਅਤੇ ਆਨੰਦ ਸਾਹਿਬ (ਪਹਿਲੀਆਂ ਪੰਜ ਤੇ ਆਖਰੀ ਇਕ ਪਉੜੀ) ਪੜ੍ਹੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਇਸ ਗੱਲ ਦਾ ਭਲੀ ਭਾਂਤ ਪਤਾ ਸੀ ਕਿ ਜਾਪ, ਸਵੈਯੇ, ਬੇਨਤੀ ਚੌਪਈ ਆਦਿ ਇਹ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ, ਸਗੋਂ ਦਸਮ ਗ੍ਰੰਥ ਵਿਚੋਂ ਲਈਆਂ ਗਈਆਂ ਹਨ, ਅਤੇ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਦਸਮਗ੍ਰੰਥ ਵਿਚੋਂ ‘ਵਾਰ ਸ੍ਰੀ ਭਗੌਤੀ ਜੀ ਕੀ’ ਅਰਦਾਸ ਦਾ ਅੰਗਰੇਜ਼ੀ ਵਿਚ ਤਰਜ਼ੁਮਾ ਪੰ:213 ਉਪਰ ਕੀਤਾ ਹੋਇਆ ਮਿਲਦਾ ਹੈ। ਇਸਦੇ ਨਾਲ ਹੀ ਨਿਤਨੇਮ ਦੀਆਂ ਬਾਣੀਆਂ ਵਿਚ ਭੀ ਜਪੁ ਤੋਂ ਬਾਅਦ ਜਾਪ, ‘ਸ੍ਰਾਵਗ ਸੁਧ’ ਵਾਲੇ ਦਸ ਸਵੈਯੈ ਅਤੇ ਰਹਿਰਾਸ ਵਿਚ ਬੇਨਤੀ ਚੌਪਈ ‘ਹਮਰੀ ਕਰਹੁ ਹਾਥਿ ਦੈ ਰੱਛਾ’, ਸਵੈਯਾ ‘ਪਾਇ ਗਹੇ ਜਬ ਤੇ ਤੁਮਰੇ…’ਅਤੇ ਦੋਹਰਾ ‘ਸਗਲ ਦੁਆਰ ਕੋ ਛਾਡਿ ਕੈ…’ਇਹ ਭੀ ਦਸਮ ਗ੍ਰੰਥ ਵਿਚੋਂ ਲਈਆਂ ਦਸਮੇਸ਼ ਬਾਣੀਆਂ ਹਨ। ਇਸੇ ਪੁਸਤਕ ਦੇ ਪੰ:150 ਉਪਰ ‘ਅਰੁ ਸਿਖਹੋਂ ਅਪੁਨੇ ਹੀ ਮਨ ਕੋ’ ਚੰਡੀ ਚਰਿਤ੍ਰ ਵਿਚੋਂ, ਪੰ:161 ਉਪਰ ‘ਦੇਹੁਰਾ ਮਸੀਤ ਸੋਈ’ ਅਕਾਲ ਉਸਤਤ ਵਿਚੋਂ, ਪੰ:189 ਉਪਰ ‘ਜਬ ਆਵ ਕੀ ਅਉਧ ਨਿਦਾਨ ਬਨੇ’ ਚੰਡੀ ਚਰਿਤ੍ਰ ਵਿਚੋਂ ਅਤੇ ਪੰ: 193 ਉਪਰ ‘ਚੂੰ ਕਾਰ ਅਜ਼ ਹਮਹ ਹੀਲਤੇ’ ਜ਼ਫਰਨਾਮਾ ਵਿਚੋਂ ਹਵਾਲੇ ਦਿੱਤੇ ਦੇਖੇ ਜਾ ਸਕਦੇ ਹਨ।

 ਸਿਰਦਾਰ ਕਪੂਰ ਸਿੰਘ ਨੇ ਆਪਣੀ ਪੁਸਤਕ ‘ਬਹੁ ਵਿਸਤਾਰ’ ਵਿਚ ਦਸਮ ਗ੍ਰੰਥ ਵਿਚਲੇ ਲੇਖ ਫਤਹ ਨਾਮਾ ਬਾਰੇ ਪੰ:63 ਤੋਂ 74 ਤੱਕ ਬੜੇ ਵਿਸਤਾਰ ਨਾਲ ਲਿਖਿਆ ਹੈ। ਉਨ੍ਹਾਂ ਦੀ ਇਕ ਹੋਰ ਪੁਸਤਕ ‘ਸਪਤ ਸ੍ਰਿੰਗ’ ਦੀ ਭੂਮਿਕਾ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ-“ਗੁਰੂ ਗੋਬਿੰਦ ਸਿੰਘ ਨੇ ਆਪਣੀ ਇਕ ਅ-ਸਮਾਪਤ ਜੀਵਨ ਕਥਾ ਲਿਖੀ ਹੈ, ਬਚਿਤ੍ਰ ਨਾਟਕ। ਉਸ ਵਿਚ ਆਪਣੇ ਪਿਛਲੇ ਜੀਵਨ ਬਾਰੇ ਕਿਹਾ ਹੈ:- ਅਬ ਮੈ ਆਪਣੀ ਕਥਾ ਬਖਾਨੋ…ਤਹਿੰ ਹਮ ਅਧਿਕ ਤਪੱਸਿਆ ਸਾਧੀ॥” ‘ਪੁੰਦ੍ਰੀਕ’ ਨਾਮ ਦੀ ਪੁਸਤਕ ਸਿਰਦਾਰ ਸਾਹਿਬ ਜੀ ਦੀ ਇਕ ਬਹੁਤ ਹੀ ਮਹੱਤਵਪੂਰਣ ਦੇਣ ਹੈ। ਉਸਦੇ ਪੰ:140 ਉਪਰ ਲਿਖਿਆ ਹੈ-ਇਹੋ ਰੁਦ੍ਰ-ਦੇਵ ਹੜੱਪਾ-ਸੱਭਿਅਤਾ ਦੇ ਧਰਮਾਂਸ਼ਾਂ ਤੋਂ ਪ੍ਰਭਾਵਤ ਹੋਕੇ ਪਿਛੋਂ ਮਹਾਂ-ਦੇਵ ਤੇ ਸਦਾ-ਸ਼ਿਵ ਬਣ ਗਿਆ ਹੈ। ਸਾਢੇ ਤਿੰਨ ਹਜ਼ਾਰ ਵਰ੍ਹੇ ਪਿਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵਾਰ ਇਹ ਨੁਕਤਾ ਸਮਝਿਆ ਤੇ ਕਿੰਤੂ ਕੀਤਾ:_


 ਮਹਾਂਦੇਵ ਕੋ ਕਹਿਤ ਸਦਾ ਸਿਵ॥ਨਿਰੰਕਾਰ ਕਾ ਚੀਨਤ ਨਹਿ ਭਿਵ॥”(ਚੌਪਈ) 


 ਹੁਣ ਇਕ ਹੋਰ ਪੁਸਤਕ ‘ਸਿੰਘ ਨਾਦ’ ਪੜ੍ਹਨ ਨੂੰ ਮਿਲੀ ਤਾਂ ਜਾਣ ਪਛਾਣ ਵਾਲੇ ਪੰ:11 ਤੇ ਇਸਦੇ ਲਿਖਾਰੀ ਸ੍ਰ.ਗੁਰਤੇਜ ਸਿੰਘ ਦੱਸਦੇ ਹਨ ਕਿ “ਇਕ ਸਮੇਂ ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਨੇ ਖੁਦ ਉਨ੍ਹਾਂ ਜ਼ਿੰਮੇਂ ਇਹ ਸੇਵਾ ਲਾਈ ਸੀ, ਕਿ ਕਦੀ ਸਿੱਖ ਸਿਧਾਂਤ ਦਾ ਪੱਲਾ ਨਹੀਂ ਛੱਡਣਾ॥” 


 ਸ੍ਰ.ਗੁਰਤੇਜ ਸਿੰਘ ਦੇ ‘ਸਿੰਘ ਨਾਦ’ ਦੇ ਪੰ:93 ਉਪਰ:_ “ਰਹਿਤ ਮਰਿਯਾਦਾ ਸੰਬੰਧੀ ਮੈਂ ਪਰਚੇ ਵਿਚ ਇਹ ਲਿਖਿਆ ਹੈ, ਕਿ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਰਹਿਤ ਹੀ ਅਸਲ ਪੰਥਕ ਰਹਿਤ ਹੈ। ਇਸ ਵਿਚ ਵਾਧਾ ਘਾਟਾ ਲੋਚਣ ਵਾਲੇ ਉਸ ਦੁਸ਼ਮਣ ਦੇ ਹੱਥਾਂ ਵਿਚ ਖੇਡ ਰਹੇ ਹਨ, ਜੋ ਇਹ ਆਖ ਰਿਹਾ ਹੈ, ਕਿ ਗੁਰਸਿੱਖੀ ਦੀ ਕੋਈ ਤਹਿਸ਼ੁਦਾ ਰਹਿਤ ਨਹੀਂ ਅਤੇ ਅਮੂਮਨ ਸਿੱਖ ਇਸਨੂੰ ਬਦਲਦੇ ਆਏ ਹਨ॥” ਇਥੇ ਗੁਰਤੇਜ ਸਿੰਘ ਸਿੱਖ ਰਹਿਤ ਮਰਿਯਾਦਾ, ਸ੍ਰੀ ਅਕਾਲ ਤਖਤ ਸਾਹਿਬ ਅਤੇ ‘ਗੁਰੂ-ਪੰਥ’ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ, ਜਿਵੇਂ ਕਿ ਹਰ ਗੁਰਸਿੱਖ ਨੂੰ ਹੋਣਾ ਚਾਹੀਦਾ ਹੈ। ਫਿਰ ਪੰ:150 ਉਪਰ ਲਿਖਦੇ ਹਨ –“ਜਿੱਥੇ ਦੂਸਰੇ ਧਰਮਾਂ ਵਿਚ ਮੁਕਤੀ ਪ੍ਰਾਪਤੀ ਦੇ ਹੋਰ ਅਨੇਕ ਸਾਧਨ ਹਨ,ਉਥੇ ਖਾਲਸੇ ਲਈ ਪਰਮ ਪੁਰਖ ਵਿਚ ਅਭੇਦ ਹੋਣ ਦਾ ਇੱਕੋ ਇੱਕ ਰਾਹ ਇਹੋ ਹੈ ਕਿ ਉਹ ਧਰਮੀ ਪੁਰਸ਼ ਦੇ ਆਤਮਿਕ ਵਿਕਾਸ ਅਤੇ ਦੁਨਿਆਵੀ ਖੁਸ਼ੀ ਵਿਚ ਵਿਘਨ ਪਾਉਣ ਵਾਲੀਆਂ ਅਨਿਆਂਕਾਰੀ ਸ਼ਕਤੀਆਂ ਨਾਲ ਨਿਰੰਤਰ ਯੁੱਧ ਕਰਦਾ ਰਹੇ। ਗੁਰੂ ਗੋਬਿੰਦ ਸਿੰਘ ਜੀ ਦੇ ਅਮਿੱਟ ਵਾਕ- ‘ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿੱਤ ਮੈ ਜੁਧ ਬਿਚਾਰੇ॥’ਦੇ ਇਹੋ ਭਾਵ ਹਨ”। ਇਹ ਲਾਈਨਾਂ ਦਸਮ ਗ੍ਰੰਥ ਅੰਦਰ ਗੁਰੂ ਗੋਬਿੰਦ ਸਿੰਘ ਰਚਿਤ ‘ਕ੍ਰਿਸ਼ਨਾਵਤਾਰ’ ਪੰ:570 ਉਪਰ ਅੰਕਿਤ ਹਨ।


 ‘ਸਿੰਘ ਨਾਦ’ ਦੇ ਪੰ:223 ਉਪਰ ਸ੍ਰ.ਗੁਰਤੇਜ ਸਿੰਘ ਲਿਖਦੇ ਹਨ –“ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿਚ ਖੜਗ ਲਫਜ਼ ਕਈ ਵਾਰੀ ਵਰਤਿਆ ਗਿਆ ਹੈ। ਇੱਥੇ ਅਤੇ ਧਾਰਮਿਕ ਲਹਿਰਾਂ ਦੇ ਇਤਿਹਾਸ ਵਿਚ ਕ੍ਰਿਪਾਨ ਦਾ ਸਮਾਨ ਆਰਥਕ ਇਹ ਸ਼ਬਦ ‘ਧਰਮ ਦੇ ਸੱਚੇ ਸੁੱਚੇ ਗਿਆਨ’ ਜਾਂ ‘ਧਾਰਮਿਕ ਫਲਸਫੇ ਦੇ ਅੰਤ੍ਰੀਵ ਭਾਵ’ ਲਈ ਹੀ ਵਰਤਿਆ ਗਿਆ ਹੈ। ਦਸਵੇਂ ਪਾਤਸ਼ਾਹ ਦੇ ‘ਜੈ ਤੇਗੰ’ ਵਾਲੇ ਸ਼ਬਦ ਵਿਚ ਵੀ ਤੇਗ ਦਾ ਇਹੋ ਅਰਥ ਹੈ”। ਇਹ ਸ਼ਬਦ ‘ਖਗ ਖੰਡ ਬਿਹੰਡੰ ਖਲ ਦਲ ਖੰਡੰ ਤੋਂ ਸੁਰੂ ਹੋਕੇ ਮਮ ਪ੍ਰਤਿਪਾਰਣ ਜੈ ਤੇਗੰ’ ਤੇ ਆਕੇ ਸਮਾਪਤੀ ਹੁੰਦੀ ਹੈ, ਅਤੇ ਇਹ ਭੀ ਦਸਮਗ੍ਰੰਥ ਵਿਚ ਬਚਿਤ੍ਰ ਨਾਟਕ ਦੇ ਸ਼ੁਰੂ ਦਾ ਤ੍ਰਿਭੰਗੀ ਛੰਦ ਪੰ:39 ਉਪਰ ਦਰਜ਼ ਹੈ।


 ਫਿਰ ਸ੍ਰ.ਗੁਰਤੇਜ ਸਿੰਘ ਦੇ ‘ਸਿੰਘ ਨਾਦ’ ਦੇ ਪੰ:224 ਉਪਰ ਦਰਜ਼ ਹੈ ਕਿ–“ਏਸੇ ਭਾਵਨਾ ਅਧੀਨ  ਦਸਵੇਂ ਪਾਤਸ਼ਾਹ ਫੁਰਮਾੳਦੇ ਹਨ, ਕਿ ਖੜਗ ਦਾ ਕਾਠ (ਹੱਥ ਜਾਂ ਮੁੱਠਾ) ਹੱਥ ਵਿਚੋਂ ਛੱਡਣ ਵਾਲੇ (ਪ੍ਰਾਧੀਨਾਂ) ਨੂੰ ਖੜਗ ਦੀ ਧਾਰ ਧੌਣ ਤੇ ਸਹਿਣੀ ਪੈਂਦੀ ਹੈ”। ਇਹ ਦਸਮ ਗ੍ਰੰਥ ਦੇ ਚਰਿਤ੍ਰੋਪਾਖਯਾਨ ਵਾਲੇ ਚਰਿਤ੍ਰ ਨੰ:297,31-1 ਪੰ: 1247 ਉਪਰ ਦਰਜ਼, ਅਤੇ ਇਸ ਤਰ੍ਹਾਂ ਹੈ-ਖੜਗ ਹਾਥ ਜਿਨਿ ਤਜਹੁ ਖੜਗਧਾਰਾ ਸਹੋ॥


 ਸ੍ਰ.ਗੁਰਤੇਜ ਸਿੰਘ ਦੀ ਪੁਸਤਕ ‘ਚੱਕ੍ਰਵਿਹੂ’ ਦੇ ਪੰ:143 ਉਪਰ ਸਿਰਦਾਰ ਕਪੂਰ ਸਿੰਘ ਦੀ ਹੱਥ ਲਿਖਤ ਦੀ ਫੋਟੋ ਕਾਪੀ, ਜੋ ਕਿ ਉਨ੍ਹਾਂ ਨੂੰ ‘ਨੈਸ਼ਨਲ ਪ੍ਰੋਫੈਸਰ ਆਫ ਸਿਖਿਇਸਮ’ ਦੀ ਸਰਵੁੱਚ ਪਦਵੀ ਮਿਲਣ ਸਮੇਂ ਦੀ ਸਪੀਚ (ਵਿਖਿਯਾਨ)ਹੈ, ਉਸਨੂੰ ਉਹ ੴਵਾਹਿਗੁਰੂ ਜੀ ਕੀ ਫਤਹਿ॥ ਤੋਂ ਸ਼ੁਰੂ ਕਰਕੇ ‘ਮੇਰੁ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋ ਸੋ॥’(ਬਚਿਤ੍ਰ ਨਾਟਕ) ਅਤੇ ਪੰ:147 ਉਪਰ ‘ਧੀਰਜ ਧਾਮ ਬਨਾਇ ਇਹੈ ਤਨ ਬੁਧਿ ਸੁ ਦੀਪਕ ਜਿਉ ਉਜਿਆਰੇ॥’ (ਕ੍ਰਿਸ਼ਨਾਵਤਾਰ ਦਾ ਆਖਰੀ ਸੈਯਾ) ਵਾਲੀਆਂ ਲਾਈਨਾਂ, ਜੋ ਕਿ ਦਸਮ ਗ੍ਰੰਥ ਵਿਚੋਂ ਹਨ,ਆਪਣੀ ਲਿਖਤ ਦੀ ਪ੍ਰੋੜਤਾ ਲਈ ਵਰਤਦੇ ਹਨ,ਜਿਵੇਂ ਕਿ ਹਰ ਪੰਥਕ ਗੁਰਸਿੱਖ ਦਾ ਧਰਮ ਹੈ।


 ‘ਦਸਮ ਗ੍ਰੰਥ ਦਾ ਛੋਛਾ…’ਵਾਲੇ ਲੇਖ ਵਿਚ ਇਸ ਗੁਰਤੇਜ ਸਿੰਘ ਨੇ ਕੋਈ ਨਵੀਂ ਤਾਂ ਨਹੀਂ, ਪਰ ਬਣਾ ਸੁਆਰ ਕੇ ਉਹੀ ਲਕੀਰ ਪਿੱਟੀ ਹੈ, ਕਿ 18ਵੀਂ ਸਦੀ ਦੇ ਅੱਧ ਤੱਕ ਇਸ ਗ੍ਰੰਥ ਦੀ ਹੋਂਦ ਨਹੀਂ ਸੀ, ਦੂਜਾ ਇਸਨੂੰ ਪ੍ਰਮਾਣਿਤ ਸਿੱਖ ਧਰਮ ਗ੍ਰੰਥ ਵਜੋਂ ਸਵੀਕਾਰ ਨਹੀਂ ਕੀਤਾ ਜਾ ਸਕਦਾ, ਤੀਜਾ ਇਸਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਲਿਖਦੇ ਸਮੇਂ ਨਾਲ ਸ਼ਾਮਲ ਕਿਉਂ ਨਹੀਂ ਕੀਤਾ, ਅਤੇ ਚੌਥਾ ਉਹੀ ਕਿ ਇਸ ਵਿਚ ਨਾਨਕ ਨਾਮ ਛਾਪ ਦੀ ਵਰਤੋਂ ਕਿਉਂ ਨਹੀਂ ਕੀਤੀ। ਭਾਗ ਸਿੰਘ ਅੰਬਾਲਾ, ਪ੍ਰਿੰ.ਹਰਿਭਜਨ ਸਿੰਘ ਚੰਡੀਗੜ੍ਹ, ਪ੍ਰਿੰ.ਹਰਿਭਜਨ ਸਿੰਘ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ,ਗਿ.ਸੁਰਜੀਤ ਸਿੰਘ ਮਿਸ਼ਨਰੀ ਦਿੱਲੀ, ਅਤੇ ਕੁੱਝ ਹੋਰ ਪੰਥ ਦੋਖੀਆਂ ਵਿਚੋਂ ਲੰਘਦੀ ਹੋਈ ਹੁਣ ਇਹ ਬੀਮਾਰੀ ਗੁਰਬਖਸ਼ ਸਿੰਘ ਕਾਲਾਅਫਗਾਨਾ ਅਤੇ ਇਸ ਗੁਰਤੇਜ ਸਿੰਘ ਤੇ ਆ ਪਹੁੰਚੀ ਹੈ। ਇੰਨ੍ਹਾਂ ਅਤੇ ਇਸ ਤਰ੍ਹਾਂ ਦੀਆਂ ਹੋਰ ਢੁੱਚਰਾਂ ਦੇ ਜੁਵਾਬ ਪੰਥਕ ਵਿਦਵਾਨਾਂ ਵੱਲੋਂ ਬਹੁਤ ਵੇਰੀ ਦਿੱਤੇ ਜਾ ਚੁੱਕੇ ਹਨ। ਅਕਸਰ ਮਿਲੀਆਂ ਹੋਈਆਂ ਸੇਵਾਵਾਂ ਦਾ ਮੁੱਲ ਵੀ ਤਾਂ ਸਿੱਖੀ ਨੂੰ ਢਾਅ ਲਾਕੇ ਹੀ ਤਾਰਿਆ ਜਾ ਸਕਦਾ ਹੈ। ‘ਦਸਮ ਗ੍ਰੰਥ ਦਾ ਛੋਛਾ…’ ਵਾਲੇ ਲੇਖ ਦੀਆਂ ਹੋਰ ਟੂਕ ਮਾਤਰ ਇਸ ਤਰ੍ਹਾਂ ਹਨ:_


 “>>>ਇਹ ਕਹਿਣਾ ਗਲਤ ਨਹੀਂ ਹੋਵੇਗਾ, ਕਿ ਇਹ ਸਾਰੇ ਦਾ ਸਾਰਾ ਕਾਂਡ ਕਿਸੇ ਸ਼ੈਤਾਨ ਦਿਮਾਗ ਦੀ ਘਾੜਤ ਹੈ। 


>>>ਦਸਮ ਗ੍ਰੰਥ ਦੀ ਉਤਪਤੀ ਤੇ ਵਿਕਾਸ ਬਾਰੇ ਬੜੀ ਘੋਖ ਕਰਕੇ ਨਤੀਜੇ ਕੱਢੇ ਹਨ, ਜੋ ਹੁਣ ਕਈ ਪੁਸਤਕਾਂ (ਅਫਗਾਨੇ ਵਾਲੀਆਂ?) ਵਿਚ ਆ ਚੁੱਕੇ ਹਨ। 


>>>ਇਸ ਪ੍ਰਸੰਗ ਵਿਚ ਬੁੱਧੀ ਤੋਂ ਸੱਖਣੀ ਇਕ ਕਾਰਵਾਈ 1896-97ਈ: ਵਿਚ ਕੀਤੀ ਗਈ ਸੀ।  ਇਕ ਆਮ, ਪਰ ਅਗਿਆਨਤਾ ਤੇ ਆਧਾਰਿਤ ਧਾਰਨਾ ਇਸ ਗ੍ਰੰਥ ਨੂੰ ਦਸਵੇਂ ਗੁਰੂ ਸਾਹਿਬ ਨਾਲ ਜੋੜਦੀ ਸੀ।  >>>ਜਾਗਤ ਜੋਤ ਗੁਰੂ ਦੇ ਨਾਲ ਕਿਸੇ ਹੋਰ ਗ੍ਰੰਥ; ਭਾਵੇਂ ਉਹ ਦਸਵੇਂ ਗੁਰੂ ਦਾ ਹੀ ਕਿਉਂ ਨਾ ਲਿਖਿਆ ਹੋਵੇ, ਦਾ ਪ੍ਰਕਾਸ਼ ਬੇਅਦਬੀ ਹੈ।  ਅਤੇ ਇਸ ਸੰਬੰਧ ਵਿਚ ਦਸਵੇਂ ਗੁਰੂ ਸਾਹਿਬ ਵੱਲੋਂ ਕੀਤੇ ਗਏ ਹੁਕਮਾਂ ਦੀ ਉਲੰਘਣਾ ਹੈ। 


>>>ਚਰਚਿਤ ਚੰਡੀ ਚਰਿਤ੍ਰ ਤੇ ਕਈ ਪੱਖਾਂ ਤੋਂ ਕਿੰਤੂ ਕੀਤਾ ਜਾ ਸਕਦਾ ਹੈ।  ਚੌਪਈ, ਚਰਿਤ੍ਰੋਪਾਖਯਾਨ ਦਾ ਹੀ ਹਿੱਸਾ ਹੈ, ਜਿਸ ਨੂੰ ਸਵਾਰਥ ਹਿੱਤਾਂ ਤੋਂ ਪ੍ਰੇਰਤ ਲੋਕ ਹੀ ਗੁਰੂ ਸਾਹਿਬ ਦੀ ਰਚਨਾ ਮੰਨਦੇ ਹਨ। 


>>>ਕਰੀਬ ਸੱਤਰ ਕੁ ਪੰਨਿਆਂ ਬਾਰੇ ਕੋਈ ਬਹੁਤਾ ਵਾਦ ਵਿਵਾਦ ਨਹੀਂ ਹੈ, ਜਿੰਨ੍ਹਾਂ ਨੂੰ ਦਸਵੇਂ ਗੁਰੂ ਦੇ ਨਾਮ ਨਾਲ ਜੋੜਿਆ ਜਾ ਸਕਦਾ ਹੈ। 


>>>ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਦੇ ਸੱਤਰ ਪੰਨਿਆ ਵਿਚ ਦਰਜ਼ ਅਕਾਲ ਪੁਰਖ ਕ੍ਰਿਪਾਲੂ, ਜਨਮ ਮਰਨ ਤੋਂ ਮੁਕਤ, ਨਿੱਘਾ ਅਤੇ ਮਾਤਾ ਪਿਤਾ ਵਾਂਗ ਪਿਆਰ ਤੇ ਸਨੇਹ ਕਰਨ ਵਾਲਾ ਹੈ, ਜਦੋਂ ਕਿ ਬਾਕੀ ਦਸਮ ਗ੍ਰੰਥ ਦਾ ਮਹਾਂਕਾਲ  ਖੂਨ ਦਾ ਪਿਆਸਾ, ਬੇਕਿਰਕ, ਕੋਝਾ ਤੇ ਆਮ ਹੀ ਵੱਡੀਆਂ ਲੜਾਈਆਂ ਲੜਨ ਤੇ ਲੱਖਾਂ ਕਰੋੜਾਂ ਲੋਕਾਂ ਨੂੰ ਕਤਲ ਕਰਨ ਵਾਲਾ ਹੈ।  ਇਹ ਦੇਹ ਧਾਰਨ ਕਰਦਾ ਹੈ, ਅਤੇ ਆਪਣੀ ਹਰ ਦੇਹ ਵਿਚ ਇਹਨੂੰ ਖੂਨ ਦੀ ਹੋਲੀ ਖੇਡਦਿਆਂ ਵਿਖਾਇਆ ਗਿਆ ਹੈ। 


>>>ਕੁੱਝ ਨਿਹੰਗ ਸੰਪਰਦਾਵਾਂ ਹਥਿਆਰਾਂ ਦੀ ਆਰਾਧਨਾ ਕਰਦੀਆ ਹਨ,ਪਰ ਇਸ ਆਰਾਧਨ ਦਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਾਲ ਕੋਈ ਸੰਬੰਧ ਨਹੀਂ ਹੈ।   ਗੁਰੂ ਗ੍ਰੰਥ  ਸਾਹਿਬ ਅਨੁਸਾਰ ਹਥਿਆਰ ਅਜਿਹੇ ਉਚੇ ਸਦਾਚਾਰ ਵਾਲੇ ਯੋਧੇ ਹੀ ਚੁੱਕ ਸਕਦੇ ਹਨ, ਜਿਹੜੇ ਅਕਾਲ ਪੁਰਖ,ਸਚਾਈ ਅਤੇ ਮਨੁੱਖੀ ਕਲਿਆਣ ਪ੍ਰਤੀ ਪੂਰੀ ਤਰਾਂ ਸਮਰਪਿਤ ਹੋਣ।  ਹਥਿਆਰ ਆਪਣੇ ਆਪ ਵਿਚ ਕੋਈ ਪੀਰ ਨਹੀਂ ਹਨ, ਤੇ ਨਾਂ ਹੀ ਪੂਜਾ ਦੀ ਵਸਤ ਹਨ।  ਜਿਹੜੀ ਵੀ ਚੀਜ਼ ਸਦਾਚਾਰ ਤੋਂ ਸੱਖਣੀ ਹੈ,ਹਉਮੈ ਵਿਚ ਰੰਗੀ ਹੋਈ ਹੈ ਜਾਂ ਅਕਾਲ ਪੁਰਖ ਦੇ ਹੁਕਮ ਤੋਂ ਬਾਹਰ ਹੈ,ਉਹ ਗੁਰੂ ਦੇ ਬਚਨ ਅਨੁਸਾਰ ਸਤਿਕਾਰਯੋਗ ਨਹੀਂ ਹੈ।  ਹਥਿਆਰ ਤਾਂ ਨਾਦਰ ਸ਼ਾਹ, ਅਬਦਾਲੀਆਂ, ਚੰਗੇਜ਼ ਖਾਨਾਂ ਅਤੇ ਹਿਟਲਰਾਂ ਦੇ ਸਾਧਨ ਵੀ ਹੁੰਦੇ ਹਨ, ਸੋ ਇਹ ਗੱਲ ਨਿਸਚਿਤ ਹੀ ਹੈ, ਕਿ ਦਸਮ ਗ੍ਰੰਥ, ਗੁਰੂ ਸਾਹਿਬ ਦੀਆਂ ਸਿਖਿਆਂਵਾਂ ਤੋਂ ਕੋਹਾਂ ਦੂਰ ਹੈ।  ਗੁਰੂ ਗ੍ਰੰਥ ਸਾਹਿਬ ਦੇ ਹਰ ਪੰਨੇ ਵਿਚੋਂ ਪਿਆਰ ਦੀ ਵਰਖਾ ਹੁੰਦੀ ਹੈ,ਅਤੇ ਦਸਮ ਗ੍ਰੰਥ ਦੇ ਇਸ ਵਿਚਾਰ ਅਧੀਨ ਹਿੱਸੇ ਵਿਚੋਂ ਹਿੰਸਾ ਡੁੱਲ੍ਹ ਡੁੱਲ੍ਹ ਪੈਂਦੀ ਹੈ।  


>>> ਸੱਚੀ ਗੱਲ ਤਾਂ ਇਹ ਹੈ ਕਿ ਦਸਮ ਗ੍ਰੰਥ ਦੇ ਬਹੁਤੇ ਹਿੱਸੇ ਦਾ ਇੱਕੋ ਇੱਕ ਮੰਤਵ ਸਿਵ ਅਤੇ ਉਸਦੀ ਸੰਗਣੀ ਚੰਡੀ ਨੂੰ ਮਹਾਂਕਾਲ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਅਵਤਾਰਾਂ ਵਜੋਂ ਸਥਾਪਿਤ ਕਰਨਾ ਹੈ। 


>>ਅਹਿਸਾਨ ਫਰਾਮੋਸ਼ੀ ਅਤੇ ਮੂਰਖਤਾ ਦੀ ਸਿਖਰ ਤੋਂ ਇਲਾਵਾ ਇਹ ਮਨੁੱਖ ਜ਼ਾਤੀ ਦੇ ਪਰਮ ਆਦ੍ਰਸ਼ ਦਸਵੇਂ ਗੁਰੂ ਦੀ ਅਰਸ਼ ਛੂੰਹਦੀ ਸ਼ਾਨ ਨੂੰ ਦਾਗੀ ਕਰਨ ਦਾ ਘੋਰ ਕਮੀਣਾ ਯਤਨ ਵੀ ਹੈ।  ਚਰਿਤ੍ਰੋਪਾਖਯਾਨ ਵਰਗੀਆਂ ਅਸ਼ਲੀਲ ਲਿਖਤਾਂ ਨੂੰ ਪੈਗੰਬਰਾਂ ਦੇ ਉਤਰਾਧਿਕਾਰੀ ਦੇ ਨਾਂ ਨਾਲ ਜੋੜਨੀਆਂ ਚੰਦ ਤੇ ਥੁੱਕਣ ਦੇ ਬਰਾਬਰ ਹੈ”।   


 ਹੁਣ ਦੇਖ ਲਵੋ ਜਿਹੜੀਆਂ ਗੱਲਾਂ ਇਹ ਲਿਖਾਰੀ ਅੱਜ ਲਿਖ ਰਿਹਾ ਹੈ, ਉਸ ਬਾਰੇ ਨਾਂ ਤਾਂ ਗੁਰੂ ਸਹਿਬਾਨ ਦੇ ਸਮੇਂ ਵਾਲੇ ਸਿੱਖਾਂ ਨੂੰ ਤੇ ਨਾਂ ਹੀ ‘ਸਿੱਖ ਰਹਿਤ ਮਰਿਯਾਦਾ’ ਬਨਾਉਣ ਵਾਲੀ ਸਾਰੀ ਕਮੇਟੀ ਨੂੰ ਪਤਾ ਸੀ, ਜਿਸਨੂੰ ਬਨਾਉਣ ਲਈ ਉਦੋਂ ਤੇਰਾਂ ਸਾਲ ਤੋਂ ਉਪਰ ਸਮਾਂ ਲੱਗਿਆ। ਸਿਰਦਾਰ ਕਪੂਰ ਸਿੰਘ,ਦੱਖਣ ਵੱਲੋਂ ਸਿੱਖ ਸਜੇ ਨੰਦ ਸਿੰਘ, ਦਰਸ਼ਨ ਸਿੰਘ ਫੇਰੂਮਾਨ ਅਤੇ ਉਸ ਤੋਂ ਪਹਿਲਾਂ ਹੋ ਚੁੱਕੇ ਜਾਂ ਹੁਣ ਵੀ ਕਿਸੇ ਵੀ ਗੁਰਸਿੱਖ, ਵਿਦਵਾਨ, ਜਾਂ ਮਹਾਂਪੁਰਸ਼ ਜੋ ਕਿ ਪੂਰਨ ਸਿੱਖੀ ਰਹਿਤ ਵਿਚ ਰਹਿ ਕੇ ਜੀਵਨ ਬਤੀਤ ਕਰ ਗਏ/ਰਹੇ ਹਨ, ਉਹ ਦਸਮ ਗ੍ਰੰਥ, ਨਿੱਤਨੇਮ, ਅੰਮ੍ਰਿਤ ਸੰਚਾਰ, ਅਰਦਾਸ, ਦਸ ਗੁਰੂ ਸਹਿਬਾਨ ਏਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ, ਧੁਰ ਕੀ ਬਾਣੀ, ਸ਼ਸ਼ਤਰਧਾਰੀ ਹੋਣਾ, ਸਰਬੱਤ ਦਾ ਭਲਾ ਮੰਗਣਾ, ਭਾਣੇ ਵਿਚ ਜੀਵਨ ਜਿਉਣਾ ਆਦਿ ਸਭ ਗੱਲਾਂ ਤੋਂ ਅਨਜਾਣ ਸਨ/ਹਨ। ਉਹ ਸਭ ਅਕਲੋਂ ਖਾਲੀ ਸਨ/ਹਨ। ਗੁਰੂ ਦੇ ਲੜ ਲੱਗ ਕੇ ਭੀ ਉਨ੍ਹਾਂ ਨੂੰ ਕੋਈ ਸੋਝੀ ਨਹੀਂ ਸੀ/ਹੈ। ਸੋ ਇਹ ਬੜੇ ਅਹਿਮ ਨੁਕਤੇ ਹਨ, ਜਿਸ ਕਰਕੇ ਸਿਰਦਾਰ ਕਪੂਰ ਸਿੰਘ ਜੀ ਅਤੇ ਸ੍ਰ.ਗੁਰਤੇਜ ਸਿੰਘ ‘ਸਿੰਘ ਨਾਦ’ ਤੇ ‘ਚੱਕ੍ਰਵਿਹੂ’ ਵਾਲੇ ਅਤੇ ਇਸ ‘ਦਸਮ ਗ੍ਰੰਥ ਦਾ ਛੋਛਾ…’ ਵਾਲੇ ਗੁਰਤੇਜ ਸਿੰਘ ਦਾ ਵਖਰੇਵਾਂ ਬੜਾ ਹੈਰਾਨੀਜਨਕ, ਸ਼ੰਕੇ ਭਰਪੂਰ, ਕਮੀਨਤਾ ਦੀ ਹੱਦ ਤੋਂ ਪਾਰ ਹੁੰਦਾ ਹੋਇਆ ਕਿਵੇਂ ਗੁੱਝਾ ਰਹਿ ਸਕਦਾ ਹੈ?


 ਹੁਣ ਭੀ ਇਹ ਘੁੰਡੀ ਉਵੇਂ ਹੀ ਅੜੀ ਪਈ ਹੋਈ ਹੈ, ਕਿ ਇਕ ਗੁਰਤੇਜ ਸਿੰਘ, ਸਿਰਦਾਰ ਕਪੂਰ ਸਿੰਘ ਦਾ ਮੁੱਦਈ ਹੈ। ਇਕ ਸ੍ਰ.ਗੁਰਤੇਜ ਸਿੰਘ ‘ਚੱਕ੍ਰਵਿਹੂ’ ਤੇ ‘ਸਿੰਘ ਨਾਦ’ ਦਾ ਲਿਖਾਰੀ ਹੈ। ਇਕ ਗੁਰਤੇਜ ਸਿੰਘ ‘ਦਸਮ-ਗ੍ਰੰਥ ਦਾ ਛੋਛਾ’ ਲੇਖ ਲਿਖ ਰਿਹਾ ਹੈ। ਇਹ ਸਭ ਅਲੱਗ ਅਲੱਗ ਹਨ,ਜਾਂ ਇੱਕੋ ਦੇ ਕਈ ਮਖੌਟੇ ਹਨ। ਇਕ ਹੋਣਾ ਤਾਂ ਅਸੰਭਵ ਲੱਗਦਾ ਹੈ। ਇਨ੍ਹਾਂ ਦੇ ਅਲੱਗ ਅਲੱਗ ਹੋਣ ਵਿਚ ਹੀ ਪੰਥ ਦੀ ਭਲਾਈ ਹੈ। ਗੁਰੂ ਭਲੀ ਕਰੇ! ਅਸੀਂ ਤਾਂ ਸਿਰਦਾਰ ਕਪੂਰ ਸਿੰਘ ਵਾਲੇ ਗੁਰਤੇਜ ਸਿੰਘ ਦੇ ਧੜੇ ਦੇ ਹਾਮੀ ਹਾਂ, ਜੋ ਕਿ ਗੁਰੂ-ਪੰਥਕ ਧੜਾ ਹੈ।


 ਰੱਬ ਨਾਂ ਕਰੇ ਜੇ ਇਹ ਇਕੋ ਹੈ,- ਤਾਂ ਇਸਦਾ ਸਿਰਦਾਰ ਕਪੂਰ ਸਿੰਘ ਜੀ ਦੇ ਨਿਕਟਵਰਤੀ ਹੋਣਾ ਧ੍ਰਿਗ ਹੈ। ਸਿਰਦਾਰ ਕਪੂਰ ਸਿੰਘ ਦੇ ਕਹਿਣ ਕਰਕੇ ਇਸਨੇ ਸਿੱਖੀ ਦਾ ਪੱਲਾ ਤਾਂ ਨਹੀਂ ਛੱਡਿਆ, ਪਰ ਸਿਧਾਂਤ ਸਭ ਛੱਡ ਦਿੱਤੇ ਹਨ। ਆਪਣੇ ਗੁਰੂ ਜਾਂ ਉਸਤਾਦ ਤੇ ਯਕੀਨ ਨਾਂ ਕਰਨ ਜਾਂ ਸ਼ੱਕ ਕਰਨ ਵਾਲੇ ਨੂੰ ‘ਅਕ੍ਰਿਤਘਣ’ ਕਿਹਾ ਜਾਂਦਾ ਹੈ, ਤੇ ਇਸਦਾ ਸਹੀ ਸਰੂਪ ਭਾਈ ਗੁਰਦਾਸ ਜੀ ਦੀ ਇਕ ਵਾਰ ‘ਮਦ ਵਿਚਿ ਰਿਧਾ ਪਾਇਕੇ’ ਵਿਚ ਦੇਖਿਆ ਜਾ ਸਕਦਾ ਹੈ। ਫਿਰ ਜਿਹੜੀ ਗੱਲ ਅਜੇ ਕੱਲ ਆਪਣੀ ਪੁਸਤਕ ਵਿਚ ਕਹੀ ਹੈ, ਅੱਜ ਉਸਦਾ ਹੀ ਖੰਡਨ ਕਰ ਰਿਹਾ ਹੈ। ਹੁਣ ਇਸਦੀ ਅਕਲਦਾਨੀ ਵਿਚ ਕਿਸੇ ਨੇ ਕੁੱਝ ਜ਼ਿਆਦਾ ਹੀ ਮਾਇਕ ਝੁਰਲੂ ਫੇਰ ਦਿੱਤਾ ਲੱਗਦਾ ਹੈ। ਸਾਨੂੰ ਤਾਂ ਪਤਾ ਨਹੀਂ ਇਹ ਉਦੋਂ ਬੇਵਕੂਫ ਸੀ ਜਾਂ ਫਿਰ ਹੁਣ। ਇਸ ਗੱਲ ਦਾ ਨਿਰਣਾ ਕਿਸੇ ਦੂਸਰੇ ਤੋਂ ਕਰਾਉਣ ਦੀ ਬਜ਼ਾਇ ਖੁਦ ਹੀ ਕਰੇ ਤਾਂ ਬੇਹਤਰ ਹੈ।


 

Back to topCopyright 2018 Akhand Kirtani Jatha, All Rights Reserved.

Site content managed by : Bhai Ratinder Singh, Indore.