ਤਵ ਪ੍ਰਸਾਦਿ ਸਵੈਯੇ ਪਾ. 10 – ਇਕ ਅਧਿਐਨ

- ਡਾ. ਬਲਬੀਰ ਕੌਰਭੂਮਿਕਾ


 ਤਵਪ੍ਰਸਾਦਿ ਸਵੈਯੈ, ਦਸਮ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ, ਜਿਹੜੀ ਖ਼ਾਲਸਾ ਸਿਰਜਨਾ ਦੇ ਸੰਦਰਭ ਵਿਚ ਹੀ ਅਕਾਲ ਪੁਰਖ ਦੀ ਕ੍ਰਿਪਾ ਦੁਆਰਾ ਪ੍ਰਕਾਸ਼ਨਾ ਵਿਚ ਆਈ। ਗੁਰ ਬਚਨ ਹਨ- ‘ਤਵਪ੍ਰਸਾਦਿ – ਤੇਰੀ ਕ੍ਰਿਪਾ ਨਾਲ’। ਇਹ ਬਾਣੀ ਦਸਮ ਗ੍ਰੰਥ ਵਿਚ ਅਕਾਲ ਉਸਤਤਿ ਸਿਰਲੇਖ ਹੇਠ ‘ਤਵਪ੍ਰਸਾਦਿ ਚੌਪਈ’ ਤਵਪ੍ਰਸਾਦਿ ਕਬਿਤ ਤੋਂ ਬਾਅਦ ਤੀਸਰੇ ਨੰਬਰ ਤੇ ਦਰਜ ਹੈ। ਇਸ ਦਾ ਆਰੰਭ ‘ਸ੍ਰਾਵਗ ਸੁਧ ਸਮੂਹ ਸਿਧਾਨ ਕੇ ------‘ਤੋਂ ਹੁੰਦਾ ਹੈ। ਇਹ ਬਾਣੀ ਅੰਕ 21 ਤੋਂ 30 ਤਕ ਦਸ ਸਵੈਯੈ ਹਨ।


 ਸਵੈਯੈ ਕਵਿਤਾ ਦਾ ਇਕ ਤੋਲ ਹੈ। ਇਸ ਨੂੰ ਪਿੰਗਲ-ਨੇਮ ਅਧੀਨ ਛੰਦ ਵੀ ਕਿਹਾ ਜਾਂਦਾ ਹੈ। ਮਹਾਨ ਕੋਸ਼ ਅਨੁਸਾਰ ਉਹ ਕਾਵਿ ਜਿਸ ਵਿਚ ਮਾਤ੍ਰਾ, ਅਖਰ, ਗਣ ਆਦਿ ਨਿਯਮਾਂ ਦੀ ਪਾਬੰਦੀ ਹੋਵੇ। ਇਸੇ ਕੋਸ਼ ਵਿਚ ਇਸ ਨੂੰ ਚਾਰ ਵਰਣ ਦਾ ਸਰਵ ਪ੍ਰਿਯ ਛੰਦ ਕਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਟਾਂ ਦੀ ਗੁਰ-ਉਸਤਤੀ ਰਚਨਾ-ਬਾਣੀ ਸਵੈਯੈ ਤੋਲ ਵਿਚ ਹੈ। ਉਥੇ ਇਸ ਦੇ ਸ਼ਬਦ ਜੋੜ ਇਹ ਹਨ- “ਸਵਈਏ”।


 ਸਵੈਯੈ ਬਾਣੀ ਦੀ ‘ਰਚਨਾ-ਭੁਮਿਕਾ’ ਬਾਰੇ ਸ਼ਬਦਾਰਥ ਦਸਮ ਗ੍ਰੰਥ, ਜੋ ਪੰਜਾਬੀ ਯੂਨੀਵਰਸਟੀ ਦੀ ਪ੍ਰਕਾਸ਼ਨਾ ਹੈ, ਵਿਚ ਸੰਕੇਤ ਦਿੱਤਾ ਹੈ ਕਿ “ਸਵੈਯੈ ਗੁਰੂ ਸਾਹਿਬ ਨੇ ਮਸੰਦਾਂ ਨਾਲ ਸੰਬੰਧਿਤ ਸੰਗਤਾਂ ਨੂੰ ਖਾਲਿਸਾ (ਨਿਜ ਦੀ ਵਸਤ) ਬਣਾਉਣ ਸਮੇਂ ਸਮਾਗਮ ਵਿਚ ਸ਼ਾਮਲ ਹੋਏ ਪਰਬਤੀ ਰਾਜਿਆਂ ਨਾਲ ਹੋਈ ਗੋਸਟਿ ਦੇ ਆਧਾਰ ਤੇ ਰਚੇ ਹਨ। ਪ੍ਰਥਮ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਦੀ ਜਗਤ-ਫੇਰੀ ਨਾਲ ‘ਸਿਖ ਧਰਮਸਾਲ’ ਦੀਆਂ ਸੰਸਥਾਵਾਂ ਨਾਲ, ਗੁਰਸਿੱਖ ਸਮਾਜ ਸਥਾਪਿਤ ਹੋਇਆ। ਦੂਰ-ਦੁਰਾਡੇ ਇਲਾਕਿਆਂ ਵਿਚ ਕਾਇਮ ਹੋਈਆਂ ਸਿਖ-ਸੰਗਤਾਂ ਦਾ ਘੇਰਾ ਵਿਸ਼ਾਲ ਹੋਇਆ। ਚੌਥੇ ਗੁਰੂ ਸਾਹਿਬ ਨੇ ‘ਜੋਤਿ-ਗੱਦੀ’ ਨਾਲ ਸੰਬੰਧਿਤ ਹੋਈਆਂ ਗੁਰ-ਸਿਖ ਸੰਗਤਾਂ ਨੂੰ ਗੁਰਬਾਣੀ ਉਪਦੇਸ਼ ਦੇਣ ਲਈ, ਵਿਸ਼ੇਸ਼ ਇਲਾਕੇ ਦੇ ਮੋਹਰੀ ਗੁਰਸਿਖਾਂ ਨੂੰ ਨੁਮਾਇੰਦੇ ਥਾਪਿਆ ਅਤੇ ਇਸ ਪ੍ਰਣਾਲੀ ਨੂੰ ਮਸੰਦ ਸੰਸਥਾਂ ਦਾ ਨਾਂ ਦਿੱਤਾ। ਇਹ ਮਸੰਦ-ਗੁਰ ਸੰਗਤਾਂ ਨੂੰ ਗੁਰਬਾਣੀ ਦਾ ਸੰਦੇਸ਼ ਦਿੰਦੇ ਅਤੇ ਗੁਰਸਿੱਖਾਂ ਦੁਆਰਾ ਦਿੱਤੀ ਕਾਰ-ਭੇਟਾ ਨੂੰ ਇਕੱਤਰ ਕਰਨ ਦਾ ਕਾਰਜ ਵੀ ਕਰਦੇ ਸਨ। ਇਸ ਨੂੰ ਵਿਸ਼ੇਸ਼ ਇਕਠ-ਬੁਲਾਵੇ ਸਮੇਂ ਗੁਰੂ-ਘਰ ਵਿਚ ਜਮਾਂ ਕਰਾਉਣ ਦਾ ਕਾਰਜ ਵੀ ਕਰਦੇ ਸਨ। ਪਰ, ਇਹ ਮਸੰਦ ਦਸਵੇਂ ਗੁਰੂ ਸਾਹਿਬ ਦੇ ਸਮੇਂ ਤਕ ਨਿਰੰਤਰ ਗੁਰੂ ਸਾਹਿਬਾਂ ਤੋਂ ਮਿਲੀ ਹੋਈ ਅਹੁਦੇਦਾਰੀ ਨਾਲ ਭ੍ਰਿਸ਼ਟ-ਨੀਯਤ ਅਤੇ ਪਥ-ਭ੍ਰਿਸ਼ਟ ਹੋ ਗਏ ਸਨ। ਇਹ ਗੁਰ ਉਪਦੇਸ਼ ਪ੍ਰਚਾਰ ਦੀ ਜਿੰਮੇਵਾਰੀ ਭੁਲ ਕੇ ਮਾਇਆ ਪ੍ਰਸਤ ਹੋ ਗਏ ਸਨ। ਜਿਸ ਦਾ ਸੰਕੇਤ ਪੰਥ ਪ੍ਰਕਾਸ਼ ਵਿਚ ਪ੍ਰਾਪਤ ਹੈ:  ਅਹੋ ਮਸੰਦ ਮੰਦ ਤੁਮ ਭਾਰੀ॥

  ਕੀਨ ਕੁਸੁਧੀ ਅਤਿ ਦੁਰ ਬੁਧੀ॥

  ਧਨ ਲੋਭੀ ਖੋਭੀ ਭਵ ਬੁਧੀ॥   (ਪੰਨਾ 1411)
 ਦਸਮ ਗੁਰੂ ਨੇ ਇਨ੍ਹਾਂ ਮਸੰਦਾਂ ਦੀ ਸੋਧ ਕੀਤੀ ਅਤੇ ਸਥਾਪਿਤ ਕੀਤਾ ਕਿ ਇਕ-ਤੰਤਰੀ ਵਿਵਸਥਾ ਹਾਨੀਕਾਰਕ ਹੈ। ਪੰਚ-ਪ੍ਰਧਾਨੀ ਲੋਕ-ਤੰਤਰ ਹੀ ਮਨੁੱਖੀ ਤਾਨਾਸ਼ਾਹੀ ਦੁਸ਼ਟ-ਬਿਰਤੀ ਤੇ ਕੁੰਡਾ ਲਗਾ ਸਕਦਾ ਹੈ।  ਮਨੁੱਖੀ ਮਾਨਸਿਕਤਾ ਦੇ ਵਿਗਾੜ ਦਾ ਦੂਸਰਾ ਅੰਗ ਇਕ-ਤੰਤਰੀ ਵਿਵਸਥਾ ਦੀ ਭੂਪਤ-ਪ੍ਰਣਾਲੀ ਸੀ। ਨਿਰੰਕੁਸ਼ ਰਾਜਸੀ ਤਾਕਤ ਅਤੇ ਰਾਜਸੀ ਸ਼ਾਨ-ਸ਼ੋਕਤ ਦੀ ਇੱਛਾ ਅਧੀਨ, ਕੁਕਰਮੀ ਬਣੇ ਭੂਪਤ-ਰਾਜੇ ਮਾਨਵੀਂ ਕਦਰਾਂ ਤੋਂ ਹੀਣੇ, ਮਿੱਤਰ ਦੁਸ਼ਮਣ ਦੀ ਪਛਾਣ ਤੋਂ ਅੰਨ੍ਹੇ ਹੋ ਚੁੱਕੇ ਸਨ। ਗੁਰੂ ਜੀ ਨੇ ਇਨ੍ਹਾਂ ਦੀ ਅਗਿਆਨੀ ਮਾਨਸਿਕਤਾ ਦਾ ਵਿਸ਼ਲੇਸ਼ਣ ਇਸ ਬਾਣੀ ਵਿਚ ਕੀਤਾ ਹੈ। ਬਾਣੀ ਦੇ ਵਿਸ਼ਾ-ਵਸਤੂ ਤੋਂ ਸਪਸ਼ਟ ਹੈ, ਕਿ ਇਹ ਬਾਣੀ ਮਾਨਵੀ ਸਮਾਜ ਵਿਚ ਭਾਰੂ ਹੋਈ ਮਨੁੱਖੀ ਤਾਨਾਸ਼ਾਹੀ ਬਿਰਤੀ ਨੂੰ ਸੰਬੋਧਨ ਹੋਈ ਹੈ, ਜਿਸ ਨੇ ਕਿ ਮਨੁੱਖੀ ਸਮਾਜ ਵਿਚੋਂ ਭਾਈਚਾਰਕ ਕਦਰਾਂ ਨੂੰ ਤੋੜਿਆ ਹੋਇਆ ਸੀ।  ਇਤਿਹਾਸਕ ਸੰਦਰਭ ਵਿਚ ਇਸ ਬਾਣੀ ਦਾ ਉਚਾਰਣ ਸਮਾਂ ਖਾਲਸਾ ਸਿਰਜਨਾ ਤੋਂ ਪਹਿਲਾਂ ਹੈ। ਭਾਈ ਚੌਪਾ ਸਿੰਘ ਦੇ ਰਹਤਨਾਮੇ ਵਿਚ ਜਾਪੁ, ਅਕਾਲ ਉਸਤਤਿ, ਸਵੈਯੈ ਬਾਣੀਆਂ ਦੇ ਉਚਾਰਨ ਦਾ ਸੰਮਤ 1734 ਦਸਿਆ ਹੈ-ਯਥਾ “ਜਾਪੁ ਅਪਨੀ ਰਸਨੀ ਉਚਾਰ ਕੀਤਾ, ਸ੍ਰੀ ਅਕਾਲ ਉਸਤਤਿ ਉਚਾਰੀ, ਸ੍ਰੀ ਮੁਖ ਵਾਕ ਸਵਈਏ ਉਚਾਰੇ” ਸ੍ਰੀ ਦਸਮ ਗ੍ਰੰਥ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਹੇਠ ਤਿਆਰ ਹੋਣ ਦਾ ਸੰਮਤ 1755 ਦਾ ਹਵਾਲਾ ਬੰਸਾਵਲੀਨਾਮਾ ਵਿਚ ਪ੍ਰਾਪਤ ਹੈ। ਉਥੇ ਇਸਨੂੰ ਛੋਟਾ ਗ੍ਰੰਥ ਕਰਕੇ ਲਿਖਿਆ ਹੋਇਆ ਹੈ। ਕਾਵਿਕ ਭਾਸ਼ਾ ਇਸ ਪ੍ਰਕਾਰ ਹੈ:  ਛੋਟਾ ਗ੍ਰੰਥ ਜੀ ਜਨਮੇ ਸਾਹਿਬ ਦਸਵੇ ਕੇ ਧਾਮ।

  ਸੰਮਤ ਸਤਾਰਾਂ ਸੈ ਪਚਵੰਜਾ ਬਹੁਤ ਖਿਡਾਵੇ ਲਿਖਾਰੀ ਨਾਮ।

  ਸਾਹਿਬ ਨੂੰ ਸੀ ਪਿਆਰਾ ਆਪਣੀ ਹਥੀਂ ਲਿਖਿਆ ਤੇ ਖਿਡਾਇਆ।

      (ਬਸਾਵਲੀ ਨਾਮਾ ਚਰਣ 14 ਹੱਥ ਲਿਖਤ ਖਰੜਾ)
 ਸੋ, ਸਵੈਯੈ ਬਾਣੀ ਖਾਲਸਾ ਸਿਰਜਨਾ ਦੇ ਮਹੱਤਵਪੂਰਨ ਇਤਿਹਾਸਕ ਵਾਕਿਆ ਤੋਂ ਬਹੁਤ ਪਹਿਲਾਂ ਉਚਾਰਣ ਹੋਈ ਹੈ ਅਤੇ ਇਸ ਨੂੰ ਖਾਲਸਾ ਸਰੂਪ-ਵਿਕਾਸ ਦੀ ਪ੍ਰਪੱਕਤਾ ਲਈ ਸਮੂਹ ਮਾਨਵ-ਮਾਨਸਿਕਤਾ ਪ੍ਰਥਾਇ ਰਚਿਆ ਸੀ। ਇਸ ਵਿਚ ਗੁਰੂ ਨਾਨਕ ਦੇਵ ਜੀ ਦੁਆਰਾ ਕਲਿਜੁਗ ਵਿਚ ਚਲਾਏ ਅਤੇ ਸਥਾਪਿਤ ਹੋ ਚੁੱਕੇ ਗੁਰਮਤਿ-ਧਰਮ ਦੇ ਸਿਧਾਂਤਾਂ ਅਤੇ ਸਾਧਨਾ-ਜੁਗਤਿ ਨੂੰ ਅੰਤਿਮ ਸਿਖਰੀ ਛੋਹਾਂ ਦਿੱਤੀਆਂ ਹਨ। ਨਾਨਕ ਨਿਰਮਲ ਪੰਥ ਨੇ ਦੋ ਸੌ ਸਾਲ ਦੇ ਗੁਰ-ਸਿੱਖਿਆ ਦੇ ਅਮਲੀ ਜੀਵਨ ਬਿਉਹਾਰ ਵਿਚ ਢਲ ਕੇ ਗੁਰਮੁਖ ਸ਼ਖ਼ਸੀਅਤ ਦੀਆਂ ਸਿਖਰਾਂ ਛੂਹ ਲਈਆਂ ਸਨ। ਇਸ ਮਾਰਗ ਦੇ ਪਾਂਧੀਆਂ ਨੂੰ ਤਿੰਨ ਗੁਣੀ ਪ੍ਰਬੰਧ ਵਿਚੋਂ ਸੰਤੁਲਨ ਦੀ ਜੁਗਤੀ ਆ ਗਈ ਸੀ। ਉਨ੍ਹਾਂ ਨੂੰ ਸਵੈਮਾਨ ਸਹਿਤ ਜੀਊਣ ਦੀ ਜਾਚ ਆ ਚੁਕੀ ਸੀ। ਉਹ ਮਾਨਵੀ ਹਿਤ ਲਈ ਕੁਰਬਾਨੀ ਦਾ ਸਬਕ ਪੜ੍ਹ ਚੁਕੇ ਸਨ। ਉਹ ਸੰਸਾਰ ਦੇ ਮਿਰਤ ਮੰਡਲ ਤੋਂ ਮੁਕਤੀ ਦਾ ਮਾਰਗ ਲੱਭ ਚੁਕੇ ਸਨ। ਇਸ ਦਾ ਸੰਕੇਤ ਦਸਮ ਗੁਰੂ ਨੇ ਬਿਚਿਤ੍ਰ ਨਾਟਕ ਵਿਚ ਦਿੱਤਾ ਹੈ:  ਤਿਨ ਇਹ ਕਲਿ ਮੋ ਧਰਮੁ ਚਲਾਯੋ। ਸਭ ਸਾਧਨ ਕੋ ਰਾਹੁ ਬਤਾਯੋ।

  ਜੋ ਤਾਕੇ ਮਾਰਗ ਮਹਿ ਆਏ। ਤੇ ਕਬਹੂੰ ਨਹਿ ਪਾਪ ਸੰਤਾਏ।   

     ਬਿਚਿਤ੍ਰ ਨਾਟਕ-ਅਪਨੀ ਕਥਾ, ਦਸਮ ਗ੍ਰੰਥ ਸ਼ਬਦਾਰਥ, ਪੰਨਾ 70
 ਦਸਮ ਗੁਰੂ ਜੀ ਨੇ ਗੁਰਮਤਿ ਅਧਾਰਿਤ ਉਸਰੀ ਗੁਰਮੁਖ ਸ਼ਖ਼ਸੀਅਤ ਦੇ ਧਰਮ ਨੂੰ ਹੋਰ ਪਕਿਆਂ ਕਰਨ ਲਈ ਇਹ ਬਾਣੀ ਰਚੀ। ਖਾਲਸਾ ਸਿਰਜਨਾ ਦੇ ਸੰਦਰਭ ਵਿਚ ਹੀ ਇਸ ਬਾਣੀ ਨੂੰ ਨਿੱਤ-ਨੇਮ ਦੀਆਂ ਬਾਣੀਆਂ ਵਿਚ ਸ਼ਾਮਲ ਕਰਕੇ ਸਿਖ-ਜੀਵਨ ਦੇ ਨਿੱਤ-ਨੇਮ ਦਾ ਭਾਗ ਬਣਾਇਆ ਸੀ। 1699 ਦੇ ਇਤਿਹਾਸਕ ਵਾਕਿਆ-ਖਾਲਸਾ ਸਿਰਜਨਾ ਤਕ ਇਹ ਬਾਣੀ ਸਿਖ-ਮਾਨਸਿਕਤਾ ਦਾ ਅੰਗ ਬਣ ਚੁੱਕੀ ਸੀ। ਇਸ ਬਾਣੀ ਨੇ ਸਿਖ ਸ਼ਖ਼ਸੀਅਤ ਦੇ ਖਾਲਸ ਸਰੂਪ ਨਿਰਮਾਣ ਵਿਚ ਗੁਰਮਤਿ ਸਿਧਾਂਤਾਂ ‘ਪ੍ਰਭੂ-ਪ੍ਰੇਮ’ ਅਤੇ ‘ਪ੍ਰਭੂ ਕ੍ਰਿਪਾ’ ਨੂੰ ਦ੍ਰਿੜ ਕੀਤਾ ਹੈ। ਇਸੇ ਨੇ ਗੁਰੂ ਨਾਨਕ ਦੇਵ ਜੀ ਦੀ ਗੁਰ-ਸਿਖ ਲਈ ਥਾਪੀ ਗੁਰੂ ਅਗੇ ਸੀਸ ਭੇਟ ਕਰਨ ਦੀ ਕਸਵਟੀ:  “ਜਉ ਤਉ ਪ੍ਰੇਮ ਖੇਲਣ ਕਾ ਚਾਉ॥ਸਿਰੁ ਧਰਿ ਤਲੀ ਗਲੀ ਮੇਰੀ ਆਉ॥”ਅਤੇ  “ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ”ਨੂੰ ਅਮਲੀ ਸਰੂਪ ਦੇਣ ਲਈ ਸਿਖ-ਮਾਨਸਿਕਤਾ ਨੂੰ ਪ੍ਰੇਰਿਆ ਹੈ।  ਅੰਮ੍ਰਿਤ ਨਿਰਮਾਣ ਵੇਲੇ ਪੜ੍ਹੀਆਂ ਗਈਆਂ ਪੰਜ ਪਿਆਰਿਆਂ ਦੁਆਰਾ ਪੰਜ ਬਾਣੀਆਂ ਵਿਚ ਸ਼ਾਮਲ ਇਸ ਬਾਣੀ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੋਇਆ ਹੈ। ਇਸ ਨੂੰ ਜਪੁ (ਸ੍ਰੀ ਗੁਰੂ ਨਾਨਕ ਦੇਵ ਜੀ), ਜਾਪ ਤੋਂ ਬਾਅਦ ਤੀਸਰੇ ਥਾਂ ਤੇ ਪੜ੍ਹਿਆ ਗਿਆ। ਸਪਸ਼ਟ ਹੈ ਕਿ ਅਮ੍ਰਿਤ ਨਿਰਮਾਣ ਵੇਲੇ ਗੁਰੂ ਜੀ ਨੇ ਉਨ੍ਹਾਂ ਹੀ ਬਾਣੀਆਂ ਦਾ ਪਾਠ ਕਰਨ ਲਈ ਪੰਜਾਂ ਪਿਆਰਿਆ ਨੂੰ ਕਿਹਾ, ਜਿਹੜੀਆਂ ਕਿ ਸਿਖ ਜੀਵਨ-ਰਹਿਤ ਦੇ ਨਿੱਤ-ਨੇਮ ਦਾ ਹਿੱਸਾ ਥਾਪੀਆਂ ਹੋਈਆਂ ਸਨ, ਜਿਸ ਦੇ ਫਲਸਰੂਪ ਉਨ੍ਹਾਂ ਨੂੰ ਜ਼ਬਾਨੀ ਕੰਠ ਹੋ ਚੁਕੀਆਂ ਸਨ। ਵਿਸ਼ਾ-ਵਸਤੂ ਦਸਮ ਗੁਰੂ ਨੇ ਬਚਿਤ੍ਰ ਨਾਟਕ ਵਿਚ ਆਪਣੀ ਜਗਤ-ਫੇਰੀ ਦਾ ਮੰਤਵ ਅਕਾਲ ਪੁਰਖ ਦੇ ਹੁਕਮ ਵਿਚ ਮਨੁੱਖੀ ਮਾਨਸਿਕਤਾ ਵਿਚੋਂ ਅਧਰਮ ਦਾ ਨਾਸ਼ ਕਰਨਾ ਅਤੇ ਧਰਮ ਦਾ ਸੰਸਥਾਪਨ ਕਰਨਾ ਦਸਿਆ ਹੈ। ਯਥਾ  ਜਹਾਂ ਤਹਾਂ ਤੁਮ ਧਰਮ ਬਿਥਾਰੋ।

  ਦੁਸਟ ਦੋਖਯਨਿ ਪਕਰਿ ਪਛਾਰੋ।

     (ਬਿਚਿਤ੍ਰ ਨਾਟਕ-ਅਪਨੀ ਕਥਾ ਪਾ. 10)
 ਇਸ ਬਾਣੀ ਵਿਚ ਮਨੁੱਖੀ ਮਾਨਸਿਕਤਾ ਵਿਚ ਵਿਆਪਕ ਸਮਾਜ-ਵਿਰੋਧੀ ਅਤੇ ਅਧਿਆਤਮਕ-ਵਿਕਾਸ ਵਿਰੋਧੀ ਤੱਤਾਂ ਦਾ ਸਰਵੇਖਣ ਅਤੇ ਨਿਰੀਖਣ ਕੀਤਾ ਹੈ। ਇਸ ਬਾਣੀ ਦਾ ਸੰਬੋਧਨ ਵਿਰੋਧੀ ਕਿਰਦਾਰਾਂ ਪ੍ਰਤੀ ਹੈ, ਜਿੰਨ੍ਹਾਂ ਦੀ ਜੀਵਨ ਹੋਂਦ ਦਾ ਪ੍ਰਤੀਫਲ ਪਤਨਕਾਰੀ ਹੈ। ਜੋ ਨਿਜੀ ਹਉਮੈਂ ਵਿਚੋਂ ਉਪਜੀਆਂ ਅਤ੍ਰਿਪਤ ਇਛਾਵਾਂ ਦੀ ਗੁਲਾਮੀ ਨਾਲ ਖੁਦ ਪੀੜਿਤ ਹੁੰਦੇ ਹਨ ਅਤੇ ਮਾਨਵੀ ਕਦਰਾਂ ਦੀ ਹੱਤਕ ਕਰਦੇ, ਸਮਾਜਿਕ ਸੰਦਰਭ ਨੂੰ ਬਦ-ਅਮਨੀ ਨਾਲ ਦੂਸ਼ਿਤ ਕਰਦੇ ਹਨ।  ਇਸ ਬਾਣੀ ਵਿਚ ਮਨੁੱਖੀ ਸਮਾਜ-ਹਿਤ ਲਈ, ਗੁਰਮਤਿ ਧਰਮ ਦੇ ਸਥਾਪਿਤ ਹੋ ਚੁਕੇ ਸਿਧਾਂਤਾਂ ਤੇ ਉਸਰੀ ‘ਮੰਗਲ ਮਈ’ ਵਿਹਾਰਕ ਜੀਵਨ ਦੀ ‘ਆਦਰਸ਼ਕ ਸੰਭਾਵਨਾ’ ਨੂੰ ਉਜਾਗਰ ਕੀਤਾ ਹੈ ਜਿਸ ਨੂੰ ਉਨ੍ਹਾਂ ‘ਪੁੰਨ ਪ੍ਰਤਾਪਨ ਬਾਢਿ ਜੈਤੁ ਧੁਨਿ’ ਕਿਹਾ ਹੈ। ਗੁਰਮੁਖ ਮਾਨਸਿਕਤਾ ਗੁਰ-ਬਾਣੀ ਦੇ ਪ੍ਰਚਾਰ ਨਾਲ ਅਤੇ ਧਰਮਸਾਲੀ ਸੰਗਤੀ-ਸਾਧਨਾ ਦੁਆਰਾ ਸਰਵ-ਕਲਿਆਣ ਦੇ ਸਮਾਜਕ ਕਰਤਵ ਨੂੰ, ਜੋਤਿ ਦੀ ਏਕਤਾ ਦੇ ਵਰਤਾਰੇ ਦੇ ਸੰਕਲਪ ਨਾਲ ਸਮਝ ਚੁੱਕੀ ਸੀ। ਜਿਸ ਫਲਸਰੂਪ ਸਮੂਹ ਮਾਨਵਤਾ ਲਈ ਹਿੱਤ-ਭਲਾਈ ਦੀ ਰਖਿਆ ਦਾ ਭਾਵ-ਕਾਰਜਸ਼ੀਲ ਹੋ ਚੁੱਕਾ ਸੀ। ਜਿਸ ਦਾ ਸੰਕੇਤ ਭਾਈ ਗੁਰਦਾਸ ਨੇ ਕਬਿਤ ਸਵੈਯੇ ਵਿਚ ਦਿੱਤਾ ਹੈ:  ਜੈਸੇ ਦ੍ਰਮ ਛਾਯਾ ਮਿਲ ਬੈਠਤ ਅਨੇਕ ਪੰਛੀ ਖਾਇ ਫਲ ਮਧੁਰ ਬਚਨ ਕੈ ਸੁਹਾਤ ਹੈਂ॥

  ਤੈਸੇ ਗੁਰ ਸਿਖ ਮਿਲ ਬੈਠਤ ਧਰਮਸਾਲ ਸਹਜ ਸਬਦਰਸ ਅੰਮ੍ਰਿਤ ਅਘਾਤ ਹੈ॥

        (ਕਬਿਤ ਸਵੈਯੈ, ਅੰਕ 559)
 ਸ਼ਬਦ ਦੀ ਸ਼ਕਤੀ ਨਾਲ ਰੂਪਾਂਤ੍ਰਿਤ ਹੋਈ ਖਾਲਸ ਸ਼ਖ਼ਸੀਅਤ ਨੂੰ ‘ਖਾਲਸਾ ਮੇਰੋ ਰੂਪ ਹੈ ਖਾਸ’ ਦਾ ਵਿਸ਼ੇਸ਼ ਬਾਹਰੀ ਸਰੂਪ-ਨਿਸ਼ਾਨ ਪ੍ਰਦਾਨ ਕਰਨ ਲਈ, ਇਹ ਬਾਣੀ ਗੁਰਮਤਿ ਸਿਧਾਂਤਾਂ ਨੂੰ ਸੰਖੇਪ ਵਿਚ ਮੁੜ ਦੁਹਰਾਉਂਦੀ ਹੈ। ਜਨ-ਮਾਨਸਿਕਤਾ ਨੂੰ ਉਸ ਦੀ ਜਗਤ-ਜੀਵਨ-ਅਉਧ ਵਿਚ ਸਾਰਥਕ ਹੋਂਦ ਅਤੇ ਪਰਮਾਰਥਕ ਜੀਵਨ ਦੀ ਸਨਮਾਨਿਤ-ਪ੍ਰਵਾਨਿਤ ਅਵਸਥਾ ਦੀ ਜੁਗਤਿ-ਸਾਧਨਾ ਅਤੇ ਸਰੂਪ ਦੱਸਦੀ ਹੈ। ਇਸ ਦੇ ਮੁਖ ਪੱਖ ਇਹ ਦੱਸੇ ਹਨ। (1) ਪਰਮ-ਸੱਤਾ ਪ੍ਰਭੂ ‘ਕਰਤਾ’ ਹੈ।  (2) ਸਿਰਜਨਾ ਪ੍ਰਭੂ ਦੀ ‘ਕਿਰਤ’ ਹੈ।  (3) ਕਿਰਤ ਦੀ ਜੀਵਨ ਹੋਂਦ ਦਾ ਮੰਤਵ ਸਿਰਜਨਹਾਰ ਨਾਲ ‘ਮੇਲਾਪ’ ਹੈ।  (4) ਪ੍ਰਾਪਤੀ ਦਾ ਸਾਧਨ ‘ਪ੍ਰੇਮ ਭਾਵ’ ਹੈ।  (5) ਅੰਤਿਮ ਆਦਰਸ਼ ਪਹੁੰਚ ‘ਪ੍ਰਭੂ-ਕਿਰਪਾ ਪ੍ਰਾਪਤੀ ਹੈ।  ਜਗਤ ਜੀਵਨ ਵਿਚ ਮਨੁੱਖੀ ਹੋਂਦ ਦੀ ਸਾਰਥਕਤਾ ਲਈ ਪ੍ਰਭੂ ਦੇ ‘ਕਰਤਾਰਪੁਰਖੀ ਦਾਤਾ’ ਸੰਕਲਪ ਨੂੰ ਦ੍ਰਿੜ੍ਹ ਕੀਤਾ ਹੈ। ਇਸ ਤੇ ਕੇਂਦਰਤ ਹੋਣਾ ਅਤੇ ਇਸ ਧੁਰੇ ਦੁਆਲੇ ਰਹਿ ਕੇ ਜੀਵਨ-ਹੋਂਦ ਦੇ ਜਿੰਦਾ ਰਹਿਣ ਦੇ ਕਿਰਿਆ ਕਲਾਪਾਂ ਦੇ ਨਿਭਾਅ ਨੂੰ ਸਾਰਥਕ ਕਿਰਿਆ ਸਥਾਪਿਤ ਕੀਤਾ ਹੈ। ਗੁਰੂ ਨਾਨਕ ਦੇਵ ਜੀ ਨੇ ਇਸੇ ਸਿਧਾਂਤ ਤੇ ਕੇਂਦਰਤ ਹੋਣ ਦੀ ਮਨੋ-ਕਾਮਨਾ ਸਿਰੀ ਰਾਗੁ ਵਿਚ ਅੰਕਿਤ ਕੀਤੀ ਹੈ। ਯਥਾ  ‘ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖ ਦੇ ਸਨਮੁਖ ਇਸੇ ਕੇਂਦਰੀ ਸਿਧਾਂਤ ਨੂੰ ਰਖਿਆ ਹੈ। ਨਿਜ-ਹਉਮੈਂ ਅਧੀਨ ਭੌਤਿਕ ਜਗਤ ਤਕ ਸੀਮਤਿ ਰਹਿ ਰਹੀ ਮਨੁੱਖੀ ਚੇਤਨਾ ਦਾ ਵਿਸਤਾਰ ਕੀਤਾ ਹੈ। ਮਨੁੱਖੀ ਮਾਨਸਿਕਤਾ ਨੂੰ ਉਸਦਾ ਸਿਜਰਨਹਾਰ ਪ੍ਰਤੀ ਉਤਰਦਾਇਤਵ ਦਸਿਆ ਹੈ। ਉਸ ਦਾ ਰਿਣ ਉਸਨੇ ਸਿਮਰਨ ਦੁਆਰਾ ਦੇਹ-ਜਨਮ ਵਿਚ ਹੀ ਉਤਾਰਨਾ ਹੈ।  ਮਨੁੱਖ ਨੂੰ ਗਿਆਨ ਦਿੱਤਾ ਹੈ, ਕਿ ਦੇਹ ਦੁਆਰਾ ਦੁਨਿਆਵੀ ਖੇਤਰ ਦੀਆਂ ਪ੍ਰਾਪਤੀਆਂ ਦੁਨੀਆਂ ਤਕ ਸੀਮਿਤ ਹਨ। ਇਨ੍ਹਾਂ ਵਿਚ ਸੀਮਿਤ ਹੋ ਜਾਣਾ ਅਗਿਆਨਤਾ ਹੈ। ਮਨੁੱਖ ਦੇਹ ਨੇ ਦ੍ਰਿਸਟਮਾਨ ਤੋਂ ਸੂਖਮ ਵਲ ਵਿਕਾਸ ਕਰਨਾ ਹੈ। ਇਸ ਬਾਣੀ ਵਿਚ ਕੇਂਦਰੀ ਤੱਤ ‘ਪ੍ਰਭੂ’ ਤੋਂ ਭੁੱਲੀ ਮਾਨਸਿਕਤਾ ਦਾ ਵਿਸ਼ਲੇਸ਼ਣ ਕੀਤਾ ਹੈ। ਮੂਲ ਤੋਂ ਟੁੱਟੀ ਮਾਨਸਿਕਤਾ ਵਿਅਕਤੀਗਤ ਹਊਮੈਂ ਦਾ ਪਰਿਣਾਮ ਹੈ, ਜਿਸ ਅਧੀਨ ਉਹ ਦੇਹ-ਮੁਖੀ ਇਛਾਵਾਂ ਵਿਚ ਸੀਮਤ ਹੋ ਜਾਦੀ ਹੈ। ਇਸ ਬਾਣੀ ਵਿਚ ਗੁਰੂ ਜੀ ਨੇ ਸਮਕਾਲੀ ਰਾਜਨੀਤਿਕ ਵਿਵਸਥਾ ਦੀ ਭੂਪਤ ਪ੍ਰਣਾਲੀ ਦੀ ਤਾਨਾਸ਼ਾਹੀ ਮਾਨਸਿਕਤਾ ਨੂੰ ਬਰੀਕੀ ਨਾਲ ਉਜਾਗਰ ਕੀਤਾ ਹੈ। ਜਿਸ ਅਧੀਨ ਕਿ ਸਮ-ਕਾਲੀਨ ਅਵਸਥਾ ਵਿਚ, ਸਦਾਚਾਰਕ ਕਦਰਾਂ ਗੁੰਮ ਹੋਈਆਂ , ਸਮਾਜਕ ਸੰਤੁਲਨ ਵਿਗੜਿਆ ਅਤੇ ਜਨਤਾ ਦੇ ਹੱਕਾਂ ਦਾ ਸ਼ੋਸ਼ਨ ਹੋਇਆ। ਉਸ ਸਮੇਂ ਭੂਪਤ ਪ੍ਰਣਾਲੀ ਦੇ ਮੁੱਖ ਮੁੱਦੇ ਤੇਜ ਪ੍ਰਤਾਪੀ ਹੋਣਾ, ਜੇਤੂ ਲਸ਼ਕਰ ਸ਼ਕਤੀ ਨੂੰ ਹਰ ਹੀਲੇ ਇਕਠਾ ਕਰਨਾ, ਪ੍ਰਚੰਡ ਜੋਧਾ ਸ਼ਕਤੀ ਦਾ ਹੋਣਾ, ਰਾਜਸੀ ਸੱਤਾ ਦੇ ਰਾਜਸੀ ਠਾਠ-ਬਾਠ ਦਾ ਸਾਜੋ ਸਮਾਨ ਹੋਣਾ ਆਦਿ ਇਛਾਵਾਂ ਮੁੱਖ ਸਨ। ਇਸ ਬਾਣੀ ਵਿਚ ਮਨੁੱਖੀ ਮਾਨਸਿਕਤਾ ਦੀਆਂ ਇਨ੍ਹਾਂ ਇਛਾਵਾਂ ਦਾ ਖੰਡਨ ਕੀਤਾ ਹੈ ਅਤੇ ਇਸ ਦਾ ਪ੍ਰਤੀਫਲ ਲੌਕਿਕ ਅਤੇ ਪਾਰਲੌਕਿਕ ਸੰਦਰਭ ਵਿਚ ਸਾਰਹੀਨ ਦਸਿਆ ਹੈ। ਇਨ੍ਹਾਂ ਯਤਨਾਂ ਨਾਲ ਮੂਲ ਸੋਮੇਂ ਵੱਲ ਪਿੱਠ ਹੁੰਦੀ ਦਸੀ ਹੈ ਅਤੇ ਕੀਤੀ-ਕਿਰਿਆ ਵਿਚੋਂ ਪਾਪ-ਕਰਮ ਪੈਦਾ ਹੁੰਦਾ ਦਸਿਆ ਹੈ। ਇਸ ਨਾਲ ਮਾਨਵਤਾ ਦੀ ਹੱਤਕ-ਹਾਨੀ ਹੁੰਦੀ ਦਸੀ ਹੈ। ਅਜੇਹੇ ਕਰਮਾਂ ਦਾ ਪ੍ਰਤੀਫਲ ਤਿਸਕਾਰਿਤ ਮੌਤ ਦਸਿਆ ਹੈ, ਜਿਸ ਦਾ ਸੰਕੇਤ ਇਸ ਬਾਣੀ ਵਿਚ ਦਿੱਤਾ ਹੈ:  ਏਤੇ ਭਏ ਤੋ ਕਹਾ ਭਏ ਭੂਪਤਿ, ਅੰਤ ਕੋ ਨਾਂਗੇ ਹੀ ਪਾਇ ਪਧਾਰੇ॥22॥

        (ਤਵਪ੍ਰਸਾਦਿ ਸਵੈਯੈ ਪਾ. 10)
 ਇਸ ਬਾਣੀ ਵਿਚ ਲੌਕਿਕ ਪੱਖ ਦੇ ਸਾਰਹੀਨ ਕਿਰਿਆ ਕਲਾਪਾਂ ਦੇ ਨਾਲ ਪਾਰਲੌਕਿਕ-ਪੱਖ ਦੇ ਕੀਤੇ ਜਾਂਦੇ ਸਾਧਨਾ ਪੱਖ ਦਾ ਸਰਵੇਖਣ ਕੀਤਾ ਹੈ। ਧਰਮ ਸਾਧਨਾ ਦੇ ਖੇਤਰ ਵਿਚ ਪਰਮਾਰਥਕ ਉਦੇਸ਼ ਹਿਤ ਗੁਰਮਤਿ ਕਾਲ ਸਮੇਂ ਤਕ ਸਥਾਪਿਤ ਹੋ ਚੁੱਕੇ ਧਰਮ ਸਿਧਾਂਤਾਂ ਅਤੇ ਸਾਧਨਾਂ ਮਾਰਗਾਂ ਤੇ ਵਿਚਾਰ ਕੀਤਾ ਹੈ। ਇਨ੍ਹਾਂ ਦਾ, ਸਮਾਜਕ ਅਤੇ ਪਰਮਾਰਥਕ ਲਾਭ ਦੀ ਦ੍ਰਿਸ਼ਟੀ ਨੂੰ ਮੁੱਖ ਰੱਖ ਕੇ, ਇਨ੍ਹਾਂ ਤੋਂ ਪ੍ਰਾਪਤ ਸਿੱਟਿਆਂ ਦਾ ਨਿਰੀਖਣ ਕੀਤਾ ਹੈ। ਸਥਾਪਿਤ ਅਨੇਕ ਮਤਾਂ ਮਤਾਤਰਾਂ ਅਤੇ ਉਨ੍ਹਾਂ ਦੁਆਰਾ ਸਥਾਪਿਤ ਸਾਧਨਾ-ਜੁਗਤਾਂ ਵਿਚ ਕਰਮਕਾਂਡੀ ਕਿਰਿਆਵਾਂ ਦੀ ਹੋਂਦ ਦਸੀ ਹੈ। ਉਨ੍ਹਾਂ ਵਿਚ ਪਰ-ਹਿਤ ਦੀ ਭਲਾਈ ਦਾ ਅੰਸ਼ ਅਤੇ ਸਿਰਜਨਹਾਰ ਪ੍ਰਤੀ ਪ੍ਰੇਮ-ਉਤਰਦਾਇਤਵ ਦਾ ਪ੍ਰਤੀਫਲ ਲੋਪ ਦਸਿਆ ਹੈ। ਬਾਣੀ ਵਿਚ ਇਨ੍ਹਾਂ ਕਿਰਿਆਵਾਂ ਅਤੇ ਇਨ੍ਹਾਂ ਲਈ ਕੀਤੇ ਕਠਿਨ ਯਤਨਾਂ ਨੂੰ ਬੇਅਰਥ ਸਥਾਪਿਤ ਕੀਤਾ ਹੈ। ਇਸ ਬਾਣੀ ਵਿਚ ਉਸ ਸਮੇਂ ਦੇ ਸਥਾਪਿਤ ਦੋ ਮੱਤਾਂ ਦਾ ਨਿਰੀਖਣ ਕੀਤਾ ਹੈ। ਇਕ ਉਹ ਜਿਹੜਾ ਘਰ-ਬਾਰ ਤਿਆਗ ਕੇ ਨਿੱਜ-ਹਿਤ ਦੀ ਖਾਤਰ ਤਪ-ਸਾਧਨਾ ਕਰਦਾ ਸੀ ਅਤੇ ਸਰੀਰਕ ਪਵਿਤਰਤਾ ਜਿਨ੍ਹਾਂ ਦਾ ਮੁੱਖ ਮੁੱਦਾ ਸੀ। ਇਨ੍ਹਾਂ ਵਿਚ ਜੈਨੀ ਸ੍ਰਾਵਗ, ਬੋਧੀ ਅਤੇ ਜੋਗੀ ਆਉਂਦੇ ਹਨ। ਇਨ੍ਹਾਂ ਦੇ ਸਿਧਾਂਤ ਅਤੇ ਸਾਧਨਾਂ ਦਾ ਪ੍ਰਤੀਫਲ ਸਿਰਜਨਹਾਰ ਤੋਂ ਬੇਮੁਖਤਾ ਅਤੇ ਸਮਾਜਕ ਏਕਤਾ ਦੀ ਭਾਈਚਾਰਕ ਜਿੰਮੇਂਵਾਰੀ ਤੋਂ ਭਾਂਜ ਸੀ। ਬਾਣੀ ਪ੍ਰਮਾਣ ਹੈ:  ਸ੍ਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗਿ ਜਤੀ ਕੇ।

  … … … … … … …

  ਸਾਰੇ ਹੀ ਦੇਸ ਕੋ ਦੇਖਿ ਰਹਿਯੋ ਮਤ ਕੋਊ ਨ ਦੇਖੀਅਤ ਪ੍ਰਾਨ ਪਤੀ ਕੇ॥21॥

        (ਤਵਪ੍ਰਸਾਦਿ ਸਵੈਯੈ ਪਾ.10)
 ਦੂਸਰਾ ਹਿੰਦੂ-ਮੁਸਲਮਾਨ ਮੱਤ ਹੈ, ਜਿਨ੍ਹਾਂ ਪਰਮਾਤਮਾ ਦੀ ਇਕ ਸੱਤਾ ਦਾ ਸਿਧਾਂਤ ਤਾਂ ਲੱਭ ਲਿਆ ਸੀ, ਪਰ ਅਮਲੀ ਜੀਵਨ ਵਿਚ ਵਿਸ਼ਵਾਸ਼ ਸਥਿਰ ਨਹੀਂ ਸੀ ਹੋਇਆ। ਜਿਸ ਕਾਰਨ ਇਨ੍ਹਾਂ ਧਰਮਾਂ-ਮੱਤਾ ਦੇ ਧਾਰਮਿਕ ਕਿਰਿਆਚਾਰਕ ਮਨੁੱਖ ਅੰਦਰ ਮਾਨਸਿਕ ਸੁਧੀ, ਮਨੁੱਖੀ-ਪ੍ਰੇਮ-ਭਾਵ ਅਤੇ ਸਿਰਜਨਹਾਰ ਪ੍ਰਤੀ ਪ੍ਰੇਮ-ਭਾਵ ਨੂੰ ਪੈਦਾ ਕਰਨ ਤੋਂ ਅਸਮਰਥ ਸਾਬਤ ਹੋ ਗਏ ਸਨ। ਇਸ ਬਾਣੀ ਵਿਚ ਦੋਹਾਂ ਧਰਮਾਂ ਦੁਆਰਾ ਪ੍ਰਚਲਿਤ ਫੋਕਟ ਕਰਮਾਂ ਦਾ ਵਿਸ਼ਲੇਸ਼ਣ ਕੀਤਾ ਹੈ। ਪਥਰ ਨੂੰ ਠਾਕਰ ਮੰਨ ਕੇ ਪੂਜਣਾ, ਸ਼ਿਵਲਿੰਗ ਦਾ ਚਿੰਨ੍ਹ ਗਲੇ ਵਿਚ ਲਟਕਾਉਣ, ਤੀਰਥ ਇਸ਼ਨਾਨ ਕਰਨੇ, ਪਛਮ ਵਲ ਸਜਦਾ ਕਰਨਾ, ਮਰ ਚੁਕਿਆਂ ਦੀ ਬੁੱਤ ਪੂਜਾ, ਕਰਬਾਂ ਦੀ ਪੂਜਾ, ਬਗਲਾ-ਧਿਆਨ ਸਮਾਧੀ ਆਦਿ ਕਿਰਿਆਵਾਂ ਨਿਹਫਲ ਹੀ ਰਹਿ ਜਾਂਦੀਆਂ ਦਸੀਆਂ ਹਨ। ਇਹ ਕਿਰਿਆਵਾਂ ਮਨੁੱਖ ਨੂੰ ਪਦਾਰਥਕ ਵਿਸ਼ਿਆਂ ਵਿਚ ਖਚਿਤ ਰਖਦੀਆਂ ਹਨ। ਇਨ੍ਹਾਂ ਨਾਲ ਸਮਾਜਕ ਅਤੇ ਅਧਿਆਤਮਕ ਕਰਤਵ ਪੂਰੇ ਨਹੀਂ ਹੁੰਦੇ। ਇਹ ਮਨੁੱਖ ਨੂੰ ਦੂਜੇ ਭਾਵ ਅਰਥਾਤ ਸੰਸਾਰਕ ਪਰਪੰਚ ਵਿਚ ਸੀਮਿਤ ਰਖਦੀਆਂ ਹਨ, ਜਿਸ ਬਾਰੇ ਮਹਲੇ ਤੀਜੇ ਦੇ ਬਚਨ ਹਨ:  ਵਰਤੁ ਨੇਮੁ ਨਿਤਾ ਪ੍ਰਤਿ ਪੂਜਾ॥

  ਬਿਨੁ ਬੂਝੈ ਸਭੁ ਭਾਉ ਹੈ ਦੂਜਾ॥ (ਬਿਲਾਵਲ 3, ਪੰਨਾ 841)ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ:  ਨ੍ਹਾਤ ਫਿਰਿਓ ਲੀਓ ਸਾਤ ਸਮੁੰਦ੍ਰਨ ਲੋਕ ਗਇਓ ਪਰਲੋਕ ਗਵਾਇਓ॥

  ਬਾਸੁ ਕੀਓ ਬਿਖਿਆਨ ਸੋ ਬੈਠਿ ਕੇ ਐਸੇ ਹੀ ਐਸ ਸੁ ਬੈਸ ਬਿਤਾਇਓ॥

      (ਤਵਪ੍ਰਸਾਦਿ ਸਵੈਯੈ ਪਾ. 10)
 ਸਵੈਯੈ ਬਾਣੀ ਵਿਚ ਗੁਰੂ ਜੀ ਨੇ ਬਾਹਰਮੁਖੀ ਕਿਰਿਆਵਾਂ ਦੀ ਸਾਰਹੀਨਤਾ ਸਥਾਪਿਤ ਕੀਤੀ ਹੈ ਕਿ ਇਹ ਮਨੁੱਖੀ ਆਚਰਣ ਨੂੰ ਸੁਧ ਨਹੀਂ ਕਰਦੀਆਂ ਅਤੇ ਨਾ ਹੀ ਇਨ੍ਹਾਂ ਦੇ ਕਰਨ ਨਾ ਪਰਮਾਤਮਾ ਪ੍ਰਤੀ ਭਗਤੀ-ਭਾਵ ਪੈਦਾ ਹੁੰਦਾ ਹੈ। ਇਹ ਕੂੜ ਕਿਰਿਆਵਾਂ ਹਨ ਅਤੇ ਇਹ ਕਰਮਕਾਂਡ ਦੀ ਕੋਟੀ ਵਿਚ ਚਲੀਆਂ ਜਾਂਦੀਆਂ ਹਨ। ਦੂਸਰਾ ਇਨ੍ਹਾਂ ਕਿਰਿਆਵਾਂ ਨਾਲ ਪ੍ਰਭੂ ਦੀ ਕ੍ਰਿਪਾ ਦਾ ਫਲ ਪ੍ਰਾਪਤ ਨਹੀਂ ਹੁੰਦਾ ਅਰਥਾਤ:  ਕੂਰ ਕ੍ਰਿਆ ਉਰਝਿਓ ਸਭ ਹੀ ਜਗੁ ਸ੍ਰੀ ਭਗਵਾਨ ਕੋ ਭੇਦੁ ਨ ਪਾਇਓ॥30॥

      (ਤਵਪ੍ਰਸਾਇ ਸਵੈਯੈ ਪਾ: 10)
 ਇਸ ਬਾਣੀ ਵਿਚ ਮਨੁੱਖ ਹੋਂਦ ਜੀਵਨ ਮੰਤਵ ਪ੍ਰਭੂ-ਪ੍ਰੇਮ ਅਤੇ ਪ੍ਰਭੂ ਕਿਰਪਾ ਪ੍ਰਾਪਤੀ ਸਥਾਪਿਤ ਕੀਤਾ ਹੈ। ਜਪੁ ਬਾਣੀ ਵਿਚ ਗੁਰੂ ਨਾਨਕ ਦੇਵ ਜੀ ਨੇ ਇਸੇ ਸਿਧਾਂਤ ਨੂੰ ਸਥਾਪਿਤ ਕੀਤਾ ਹੈ ਕਿ:  ਨਾਨਕ ਨਦਰੀ ਪਾਈਐ  ਕੂੜੀ ਕੂੜੇ ਠੀਸਿ॥   (ਜਪੁ ਪਉੜੀ 32) ਗੁਰਮਤਿ ਵਿਚ ਪ੍ਰਾਪਤੀ ਦਾ ਸਾਧਨ, ਪ੍ਰੇਮ-ਭਗਤੀ ਸਥਾਪਿਤ ਹੈ। ਜਾਪੁ ਬਾਣੀ ਵਿਚ ਪ੍ਰਭੂ ਨੂੰ ਪ੍ਰੇਮ ਸਰੂਪ ਵਿਚ ਸਰਬ-ਵਿਆਪਕ ਦਸਿਆ ਹੈ। ਜੀਵਨ-ਹੋਂਦ ਦੀ ਸਾਰਥਕਤਾ ਲਈ ਸਿਰਜਨਹਾਰ ਪ੍ਰਤੀ-ਪ੍ਰੇਮ-ਸਮਰਪਣ ਦੀ ਭਾਵਨਾ ਦਾ ਪੈਦਾ ਹੋਣਾ ਲਾਜ਼ਮੀ ਸਿਧਾਂਤ ਹੈ, ਕਿਉਂਕਿ ਉਹ ਸਿਰਜਨਾ ਦਾ ਰਿਜ਼ਕ ਦਾਤਾ ਹੈ ਅਤੇ ਰਚਨਾ, ਉਸਦੀ ਜਾਚਿਕ ਹੈ। ਪ੍ਰਭੂ ਅਤੇ ਮਨੁੱਖ ਦਾ ਇਹ ਸਿਧਾਂਤਕ ਸੰਬੰਧ ਹੈ। ਦੋਹਾਂ ਵਿਚ ਇਕਸੁਰਤਾ ਪੈਦਾ ਕਰਨ ਵਾਲਾ ਤੱਤ ਪ੍ਰੇਮ-ਸ਼ਰਧਾ ਹੈ। ਇਸ ਸੰਬੰਧ ਦੇ ਤਹਿਤ ਇਸ ਬਾਣੀ ਵਿਚ ਮਨੁੱਖ ਦੇ ਜ਼ਿੰਮੇਂ ਦੇਣਹਾਰ ਦਾ ਉੱਤਰਦਾਇਤਵ-ਕਰਤਵ, ‘ਪ੍ਰੇਮ-ਸਮਰਪਣ’ ਨਿਸ਼ਚਿਤ ਕੀਤਾ ਹੈ। ਇਹ ਮਨੁੱਖ ਨੂੰ ਮੂਲ ਤੱਤ ਅਤੇ ਸਮੁਚੀ ਕਾਇਨਾਤ ਨਾਲ ਜੋੜਦਾ ਹੈ, ਜਿਸ ਵਿਚ ਕਿ ਉਹ ਆਪ ਅਨੁਰਾਗ ਬਣ ਕੇ ਫੈਲਿਆ ਹੋਇਆ ਹੈ।   ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੁ ਏਕ ਦਿਵੱਯਾ॥26॥ 

      (ਤਵਪ੍ਰਸਾਦਿ ਸਵੈਯੈ ਪਾ. 10)
 ਮਾਨਵ ਪ੍ਰਭੂ ਦੀ ਜੋਤਿ ਨਾਲ ਜੀਵਨ ਪ੍ਰਾਪਤ ਕਰਦਾ ਹੈ। ‘ਜੀਵਨ’ ਹੋਂਦ ਨਿਜ ਦਾ ਬਣਨਾ ਹੈ। ਇਹ ਬਣਤ ਦਵੰਦ ਨੇਮ ਵਿਚ ਪ੍ਰਵੇਸ਼ ਕਰਦੀ ਹੈ। ਜਿਸ ਨਾਲ ਜੀਵ ਮੂਲ ਤੋਂ ਨਿਖੜ ਕੇ ਭਵ ਹੋਂਦ ਦੇ ਘੇਰੇ ਵਿਚ ਆ ਜਾਂਦਾ ਹੈ। ਪੁਨਰ-ਸੰਜੋਗ ਇਸ ਦੀ ਹੋਂਦ ਦਾ ਉਦੇਸ਼ ਹੈ। ਸਿਰਜਨਾ ਦਾ ਨੇਮ ਪਰਿਵਰਤਨ ਹੈ। ਜਿਥੇ ਤਬਦੀਲੀ ਹੈ, ਉਥੇ ਸਦੀਵੀ ਸੁਖ ਨਹੀਂ। ਸੁਖ ਸ਼ਾਂਤੀ ਦੀ ਲੋਚ-ਇੱਛਾ ਮਨੁੱਖ ਅੰਦਰ ਪ੍ਰਭੂ-ਅੰਸ਼ ਦਾ ਪ੍ਰਤੀਫਲ ਹੈ, ਜਿਸ ਨੂੰ ਉਹ ਅਗਿਆਨ ਵਸ, ਸਿਰਜਨਾ ਵਿਚੋਂ ਭਾਲਦਾ ਹੈ ਅਤੇ ਭਟਕ ਜਾਂਦਾ ਹੈ। ਸਿਰਜਨਾ ਦਾ ‘ਪਰਿਵਰਤਨ ਨੇਮ’ ਸਦੀਵੀ ਸੁਖ ਦਾ ਸੋਮਾਂ ਨਹੀਂ ਬਣ ਸਕਦਾ। ਪਰਿਵਰਤਨ ਨੇਮ ਵਿਚੋਂ ਮੁਕਤ ਹੋਣਾ ਮਨੁੱਖੀ ਹੋਂਦ ਦਾ ਟੀਚਾ ਹੈ। ਇਸ ਬਾਣੀ ਵਿਚ ਦਵੰਦ ਵਿਚੋਂ ਵਿਕਾਸ ਕਰਕੇ ਮੂਲ ਏਕਤਾ ਵਿਚ ਕੇਂਦਰੀਭੂਤ ਹੋਣ ਦਾ ਸਾਧਨ ਪ੍ਰਭੂ-ਭਗਤੀ ਦ੍ਰਿੜ੍ਹ ਕੀਤਾ ਹੈ, ਜਿਸ ਦਾ ਪ੍ਰਤੀਫਲ ਪ੍ਰੇਮ, ਦਇਆ, ਮਿਲਵਰਤਨ, ਸਾਂਝੀਵਾਲਤਾ ਦੇ ਏਕੀ-ਭਾਵ ਦਸੇ ਹਨ।  ‘ਭਗਤੀ ਭਾਵ’ ਦੀ ਪ੍ਰਾਪਤੀ ਹੀ ਮਾਨਵੀ ਸਿਰਜਨਾ ਦੀ ਜੀਵਨ-ਹੋਂਦ ਦਾ ਮੁੱਖ ਲਕਸ਼ ਹੈ। ਜਦੋਂ ਤੱਕ ਇਹ ਇਸ ਮੁਕਾਮ ਤਕ ਨਹੀਂ ਪੁੱਜਦੀ, ਉਸਨੂੰ ਸ਼ਾਂਤੀ ਸਥਿਰਤਾ ਨਹੀਂ ਮਿਲ ਸਕਦੀ। ਇਸ ਬਾਣੀ ਵਿਚ ਦਵੰਦ ਨੇਮ ਦੇ ਅਧੀਨ ਦੇਵੀ, ਦੇਵਤੇ, ਅਵਤਾਰ ਅਤੇ ਦਾਨਵ, ਫਨਿੰਦ-ਸ਼ੇਸ਼ਨਾਗ, ਨਿਸਾਚਰ(ਭੂਤ-ਪ੍ਰੇਤ) ਉਸ ਦੀ ਕਿਰਤ ਦੇ ਵਿਰੋਧੀ ਦੋ ਪੱਖੀ ਅੰਗ ਦਸੇ ਹਨ। ਇਹਨਾਂ ਸਾਰਿਆਂ ਤੇ ਉਸਦਾ ਸਿਮਰਨ ਨੇਮ ਲਾਗੂ ਦਸਿਆ ਹੈ। ਉਨ੍ਹਾਂ ਦੇ ਵਿਕਾਸ ਦਾ ਸਾਧਨ ਕੇਵਲ ਸਿਮਰਨ ਹੈ। ਇਸ ਬਿਨਾਂ ਉਨ੍ਹਾਂ ਦਾ ਭਵ-ਹੋਂਦ ਵਿਚੋਂ ਛੁਟਕਾਰਾ ਨਹੀਂ ਹੈ। ਬਾਣੀ ਪ੍ਰਮਾਣ ਹੈ:  ਦਾਨਵ ਦੇਵ ਫਨਿੰਦ ਨਿਸਾਚਰ, ਭੂਤ ਭਵਿਖ ਭਵਾਨ ਜਪੈਂਗੇ॥ (ਤਵਪ੍ਰਸਾਦਿ ਸਵੈਯੈ, ਪਾ. 10) ਮਨੁੱਖ-ਜ਼ਿੰਦਗੀ ਦੀ ਹੋਂਦ ਦੀ ਸਾਰਥਕਤਾ ਦਾ ਸਾਰ ਪ੍ਰਭੂ ਪ੍ਰੇਮ ਅਤੇ ਪ੍ਰਭੂ ਕਿਰਪਾ ਹੈ। ਇਹ ਇਸ ਬਾਣੀ ਦਾ ਧੁਰਾ ਹੈ। ਇਨ੍ਹਾਂ ਦੀ ਪ੍ਰਾਪਤੀ ਬਿਨਾਂ ਮਨੁੱਖਾ-ਹੋਂਦ ਨਿਰੱਰਥਕ ਰਹਿ ਜਾਂਦੀ ਦਸੀ ਹੈ। ਇਸ ਬਾਣੀ ਵਿਚ ਇਹ ਸਥਾਪਿਤ ਕੀਤਾ ਹੈ ਕਿ ਪ੍ਰਭੂ ਕਿਰਪਾ ਭਗਤੀ-ਕਰਮ ਤੋਂ ਪ੍ਰਾਪਤ ਹੁੰਦੀ ਹੈ ਅਤੇ ਇਹ ਭਗਤੀ-ਸਾਧਨਾ ਦਾ ਹੀ ਪਰਿਣਾਮ ਹੈ। ਹੋਰ ਕੋਈ ਬਾਹਰੀ ਕਰਮਕਾਂਡ ਪ੍ਰਭੂ-ਕ੍ਰਿਪਾ ਦੀ ਦਾਤ ਨਹੀਂ ਦਿਵਾ ਸਕਦਾ। ਇਹ ਦਾਤ ਪ੍ਰਭੂ-ਭਗਤੀ ਤੋਂ ਮਿਲਦੀ ਹੈ। ਇਸ ਦੀ ਪ੍ਰਾਪਤੀ ਬਿਨਾਂ ਮਨੁੱਖੀ ਹੋਂਦ ਨਿਗਣੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ:  ਜੇ ਤਿਸੁ ਨਦਰਿ ਨ ਆਵਈ ਤਾ ਵਾਤ ਨ ਪੁਛੈ ਕੇ॥ (ਜਪੁ ਪਉੜੀ 7)ਦਸਵੇਂ ਗੁਰੂ ਦੇ ਬਚਨ ਹਨ:  ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂੰ ਤੇ,

  ਏਕ ਰਤੀ ਬਿਨੁ ਏਕ ਰਤੀ ਕੇ॥21॥  (ਤਵਪ੍ਰਸਾਦਿ ਸਵੈਯੈ, ਪਾ. 10)
 ਭਗਤੀ-ਪੁੰਨ ਕਰਮ ਪੈਦਾ ਕਰਦੀ ਹੈ ਅਤੇ ਕਰਮਕਾਂਡੀ ਸਾਧਨਾ ਹਉਮੈਂ ਪੈਦਾ ਕਰਦੀ ਹੈ। ਬਾਣੀ ਵਿਚ ਭਗਤੀ ਦਾ ਪ੍ਰਤਾਪ ਵਧਦਾ ਅਤੇ ਦੁਸ਼ਟ ਦਾ ਦਮਨ ਹੁੰਦਾ ਦਸਿਆ ਹੈ। ਜਗਤ ਵਿਚ ਸਾਧ-ਗੁਰਮੁਖਾਂ ਦੀ ਸੰਤੁਲਿਤ ਹੋਂਦ ਨੂੰ ‘ਪ੍ਰਸੰਨ’ ਪਦ ਨਾਲ ਬਿਆਨ ਕੀਤਾ ਹੈ। ਇਨ੍ਹਾਂ ਦੀ ਸ਼ਕਤੀ ਨਾਲ ਪਾਪਾਂ ਦੇ ਪੁੰਜਾਂ ਦਾ ਨਾਸ਼ ਹੋਣ ਦਾ ਸਿਧਾਂਤ ਕਾਰਜਸ਼ੀਲ ਦਸਿਆ ਹੈ:  ਪੁੱਨ ਪ੍ਰਤਾਪਨ ਬਾਢਿ ਜੈਤ ਧੁਨਿ, ਪਾਪਨ ਕੇ ਬਹੁ ਪੁੰਜ ਖਪੈਂਗੇ॥

  ਸਾਧ ਸਮੂਹ ਪ੍ਰਸੱਨ ਫਿਰੈਂ ਜਗਿ, ਸੱਤ੍ਰ ਸਭੈ ਅਵਿਲੋਕਿ ਚਪੈਂਗੇ॥27॥

(ਤਵਪ੍ਰਸਾਦਿ ਸਵੈਯੈ, ਪਾ. 10)
 ਇਹ ਬਾਣੀ ਮਨੁੱਖ ਦੀ ਖਾਲਸ ਸ਼ਖ਼ਸੀਅਤ ਦੇ ਵਿਕਾਸ-ਪ੍ਰਕਾਸ ਲਈ ਮਨੁੱਖ ਨੂੰ ਸਰਬ ਕਾਲਿਕ ਦ੍ਰਿਸ਼ਟੀ ਪ੍ਰਦਾਨ ਕਰਦੀ ਹੈ। ਇਹ ਮਨੁੱਖੀ ਮਾਨਸਿਕਤਾ ਨੂੰ ਭੌਤਿਕ ਜੀਵਨ ਦੀ ਵਿਗਿਆਨਕ ਪ੍ਰਕ੍ਰਿਆ ਦੀ ਸੂਝ ਦੇ ਕੇ ਜੀਵਨ-ਵਿਹਾਰ ਨੂੰ ਨੇਮ-ਬੱਧ ਹੋ ਕੇ ਜੀਉਂਣ ਦਾ ਮਾਰਗ ਦਸਦੀ ਹੋਈ ਖਾਲਸ-ਸਰੂਪ-ਨਿਰਮਾਣ ਦੇ ਰੂਪਾਤਰੀਕਰਣ ਦੀਆਂ ਅੰਤਿਮ ਛੋਹਾਂ ਲਾਉਂਦੀ ਹੈ। ਮਨੁੱਖੀ ਹੋਂਦ ਦੇ ਅੰਤਿਮ ਲਕਸ਼-ਪਹੁੰਚ ਦੇ ਸਾਰਥਕ ਸਾਧਨਾ-ਮਾਰਗ ‘ਪ੍ਰੇਮ-ਭਗਤੀ’ ਦਾ ਸੰਦੇਸ਼ ਸਮੂਹ ਮਾਨਵਤਾ ਨੂੰ ਦਿੰਦੀ ਹੈ ਯਥਾ:  ਸਾਚੁ ਕਹੋਂ ਸੁਨ ਲੇਹੁ ਸਭੈ,

  ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ॥ (ਤਵਪ੍ਰਸਾਦਿ ਸਵੈਯੈ ਪਾ. 10)
 ਇਸ ਬਾਣੀ ਵਿਚ ਇਸ ਸਿਧਾਂਤ ਨੂੰ ਸਥਾਪਤ ਕੀਤਾ ਹੈ, ਕਿ ਪੁੰਨ-ਕਰਮੀਂ ਧਰਮੀਆਂ ਦੀ ਰਖਿਆ ਨਿਰੰਕਾਰ ਆਪ ਕਰਦਾ ਹੈ। ਇਹ ਉਸਦਾ ਕਰਤਵ ਹੈ, ਬਿਰਦ ਹੈ। ਭਗਤਾਂ ਦੀ ਪੈਜ ਅਤੇ ਦੁਸ਼ਟਾਂ ਦਾ ਨਾਸ ਅਥਵਾ ਦਮਨ ਉਸ ਦਾ ਦੈਵੀ ਵਿਧਾਨ ਹੈ, ਜੋ ਸਿਰਜਨਾ ਵਿਚ ਕਿਰਿਆਸ਼ੀਲ ਹੈ। ਬਿਚਿਤ੍ਰ ਨਾਟਕ ਵਿਚ ਦਸਮ ਗੁਰੂ ਦਾ ਫੁਰਮਾਨ ਹੈ:  ਸਰਬ ਕਾਲ ਸਭ ਸਾਧ ਉਬਾਰੇ॥

  ਦੁਖ ਦੈ ਕੈ ਦੋਖੀ ਸਭ ਮਾਰੈ॥   (ਬਿਚਿਤ੍ਰ ਨਾਟਕ-ਅਪਨੀ ਕਥਾ)
 ਇਸ ਬਾਣੀ ਰਾਹੀਂ ਮਾਨਵ ਨੂੰ ਸੂਖਮ ਅੰਤਰ-ਦ੍ਰਿਸ਼ਟੀ ਦਿੱਤੀ ਹੈ, ਜਿਸ ਨਾਲ ਭੌਤਿਕ ਜਗਤ ਤੋਂ ਅਗੇ ਅਦ੍ਰਿਸ਼ਟ ਜਗਤ ਦਾ ਗਿਆਨ ਮਾਨਵੀ ਮਾਨਸਿਕਤਾ ਨੂੰ ਪ੍ਰਾਪਤ ਹੋਇਆ ਹੈ।


ਹਵਾਲੇ


1. ਮਹਾਨ ਕੋਸ਼, ਭਾਈ ਕਾਹਨ ਸਿੰਘ ਨਾਭਾ, ਪੰਨਾ 495.

2. ਉਹੀ, ਪੰਨਾ 174.

3. ਸਲੋਕ ਵਾਰਾਂ ਤੇ ਵਧੀਕ ਮ. 1, ਪੰਨਾ 1412.

4. ਸਿਰੀ ਰਾਗੁ ਮ. 1, ਪੰਨਾ 14.

Back to topCopyright 2018 Akhand Kirtani Jatha, All Rights Reserved.

Site content managed by : Bhai Ratinder Singh, Indore.